ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਫਰਵਰੀ
ਭਾਰਤੀ ਚੋਣ ਕਮਿਸ਼ਨ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਲਈ 6 ਖਰਚਾ ਨਿਗਰਾਨ, 5 ਜਨਰਲ ਅਬਜ਼ਰਵਰ ਅਤੇ ਤਿੰਨ ਪੁਲੀਸ ਨਿਗਰਾਨ ਨਿਯੁਕਤ ਕੀਤੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ’ਚ ਚੋਣ ਜ਼ਾਬਤੇ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ, ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਤੰਤਰ ਤੌਰ ’ਤੇ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਸੀਨੀਅਰ ਆਈਏਐਸ, ਆਈਪੀਐਸ ਅਤੇ ਆਈਆਰਐਸ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਵਿਜੀਤ ਮਿਸ਼ਰਾ, ਆਈਆਰਐਸ, ਵਿਧਾਨ ਸਭਾ ਹਲਕਿਆਂ (ਖੰਨਾ ਅਤੇ ਪਾਇਲ) ਲਈ ਖਰਚਾ ਨਿਗਰਾਨ ਹੋਣਗੇ, ਆਈਆਰਐਸ ਅਭਿਜੀਤ ਕੁੰਡੂ ਹਲਕਾ ਸਮਰਾਲਾ ਅਤੇ ਸਾਹਨੇਵਾਲ ਲਈ, ਆਈਆਰਐਸ ਅਮਿਤ ਕੁਮਾਰ ਸ਼ਰਮਾ ਹਲਕਾ ਲੁਧਿਆਣਾ ਪੂਰਬੀ, ਉਤਰੀ ਤੇ ਦੱਖਣੀ ਲਈ, ਸਰੋਜ ਕੁਮਾਰ ਬੇਹੜਾ ਆਈਆਰਐਸ ਹਲਕਾ ਆਤਮ ਨਗਰ, ਕੇਂਦਰੀ ਤੇ ਪੱਛਮੀ, ਸਵਾਤੀ ਸ਼ਾਹੀ ਹਲਕਾ ਗਿੱਲ ਤੇ ਦਾਖਾ, ਆਈਆਰਐਸ ਅਲਕਾ ਗੌਤਮ ਹਲਕਾ ਹਾਏਕੋਟ ਤੇ ਜਗਰਾਉਂ ਲਈ ਖਰਚਾ ਨਿਗਰਾਨ ਹੋਣਗੇ।
ਇਸੇ ਤਰ੍ਹਾਂ ਆਈਏਐਸ ਅੰਨਾਵੀ ਦਿਨੇਸ਼ ਕੁਮਾਰ ਹਲਕਾ ਖੰਨਾ, ਸਮਰਾਲਾ ਤੇ ਪਾਇਲ, ਆਈਏਐਸ ਪ੍ਰਭਾਂਸ਼ੂ ਕੁਮਾਰ ਸ੍ਰੀਵਾਸਤਵ ਹਲਕਾ ਸਾਹਨੇਵਾਲ, ਪੂਰਬੀ ਤੇ ਕੇਂਦਰੀ, ਆਈਏਐਸ ਦੇਵ ਰਾਜ ਦੇਵ ਹਲਕਾ ਦੱਖਣੀ, ਪੱਛਮੀ ਲਈ, ਆਈਏਐਸ ਸ਼ੀਸ਼ ਨਾਥ ਹਲਕਾ ਆਤਮ ਨਗਰ, ਉਤਰੀ ਤੇ ਗਿੱਲ, ਜਦਕਿ ਆਈਏਐਸ ਟੀਐਨ ਵੈਂਕਟੇਸ਼ ਹਲਕਾ ਦਾਖਾ, ਰਾਏਕੋਟ ਤੇ ਜਗਰਾਉਂ ਲਈ ਜ਼ਨਰਲ ਅਬਜ਼ਰਵਰ ਹੋਣਗੇ। ਆਈਪੀਐਸ ਕੇਵੀ ਸ਼ਰਤ ਚੰਦਰ ਹਲਕਾ ਦਾਖਾ, ਰਾਏਕੋਟ ਤੇ ਜਗਰਾਉਂ ਲਈ ਪੁਲੀਸ ਨਿਗਰਾਨ ਲਗਾਏ ਗਏ ਹਨ।
ਸੇਵਾਵਾਂ ਨਿਰਵਿਘਨ ਦੇਣ ਦੇ ਹੁਕਮ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਚੋਣਾਂ ਦੌਰਾਨ ਲੱਗੀਆਂ ਡਿਊਟੀਆਂ ਦੇ ਬਹਾਨੇ ਆਮ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਵਿੱਚ ਆਮ ਤੌਰ ’ਤੇ ਆਉਣ ਵਾਲੀ ਖੜੌਤ ਦਾ ਪ੍ਰਸ਼ਾਸਨ ਨੇ ਗੰਭੀਰ ਨੋਟਿਸ ਲਿਆ ਹੈ। ਸਮੂਹ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਆਦਿ ਦੇ ਅਧਿਕਾਰੀਆਂ ਨੂੰ ਹੁਕਮ ਕੀਤੇ ਗਏ ਹਨ ਕਿ ਉਨ੍ਹਾਂ ਦੇ ਦਫ਼ਤਰਾਂ ਵਿੱਚ ਕੰਮ ਲਈ ਆਉਣ ਵਾਲੇ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਜਲ ਸਪਲਾਈ, ਬਿਜਲੀ ਸਪਲਾਈ ਅਤੇ ਸੀਵਰੇਜ ਵਰਗੀਆਂ ਸੇਵਾਵਾਂ ਨਿਰਵਿਘਨ ਪ੍ਰਦਾਨ ਕਰਨ ਬਾਰੇ ਵਿਸ਼ੇਸ ਆਦੇਸ਼ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੁਕਮਾਂ ਦੀ ਇੰਨ ਬਿੰਨ ਪਾਲਨਾ ਨੂੰ ਯਕੀਨੀ ਬਣਾਉਣ ਲਈ ਡੀਸੀ ਮਾਲੇਰਕੋਟਲਾ ਮਾਧਵੀ ਕਟਾਰੀਆਂ ਨੇ ਚੁਣੇ ਹੋਏ ਕੌਂਸਲਰਾਂ ਅਤੇ ਸਰਪੰਚਾਂ ਤੋਂ ਇਲਾਵਾ ਸਮਾਜ ਸੇਵੀ ਸੰਗਠਨਾਂ ਦੇ ਆਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਸਬੰਧ ਵਿੱਚ ਕੋਈ ਅਣਗਹਿਲੀ ਉਨ੍ਹਾਂ ਦੇ ਨੋਟਿਸ ਵਿੱਚ ਆਉਂਦੀ ਹੈ ਤਾਂ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਵੇ।