ਲਤੇਹਾਰ, 15 ਮਈ
ਝਾਰਖੰਡ ਦੇ ਲਤੇਹਰ ਜ਼ਿਲ੍ਹੇ ਵਿੱਚ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਲਈ ਵਰਤੇ ਜਾ ਰਹੇ 10 ਵਾਹਨਾਂ ਨੂੰ ਮਾਓਵਾਦੀਆਂ ਨੇ ਅੱਗ ਲਗਾ ਦਿੱਤੀ। ਇਹ ਜਾਣਕਾਰੀ ਅੱਜ ਇੱਥੇ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਸਕਰਚਾ ਦੇ ਮਹੂਆਦਾਨਰ ਪੁਲੀਸ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਸ਼ਨਿਚਰਵਾਰ ਦੀ ਰਾਤ ਮਾਓਵਾਦੀਆਂ ਨੇ ਇੱਕ ਉਸਾਰੀ ਕੰਪਨੀ ਦੀ ਖੁਦਾਈ ਮਸ਼ੀਨ ਅਤੇ ਟੈਂਕਰਾਂ ਸਣੇ ਅੱਠ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੁਲੀਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਪੋਟਮਦੀਹ ਵਿੱਚ ਪੁਲ ਦੇ ਨਿਰਮਾਣ ਕਾਰਜ ਵਿੱਚ ਲੱਗੀ ਇੱਕ ਮਿਕਸਚਰ ਮਸ਼ੀਨ ਸਣੇ ਦੋ ਹੋਰ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਡੀਐੱਸਪੀ ਰਾਜੇਸ਼ ਕੁਜੂੁਰ ਨੇ ਕਿਹਾ, ‘‘ਮਾਓਵਾਦੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।’’ ਡੀਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਜਾਰੀ ਹਨ। -ਪੀਟੀਆਈ