ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਨਵੰਬਰ
ਚੰਡੀਗੜ੍ਹ ਦੀ ਇਕ ਸਿਕਿਉਰਿਟੀ ਕੰਪਨੀ ਵੱਲੋਂ ਸਾਬਕਾ ਫੌਜੀ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਸ ਦੇ ਬੈਂਕ ਖਾਤੇ ’ਚੋਂ ਕਰੀਬ ਸਵਾ 3 ਲੱਖ ਰੁਪਏ ਕਢਵਾ ਲਏ ਗਏ। ਐਕਸ-ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਨੇ ਠੱਗੀ ਦੀ ਜਾਣਕਾਰੀ ਮਿਲਦੇ ਹੀ ਕੰਪਨੀ ਦੇ ਦਫ਼ਤਰ ਪਹੁੰਚ ਕੇ ਸਾਬਕਾ ਫੌਜੀ ਦੇ ਪੈਸੇ ਵਾਪਸ ਕਰਵਾਏ। ਸੈੱਲ ਦੇ ਪ੍ਰਧਾਨ ਲੈਫ਼. ਕਰਨਲ (ਸੇਵਾਮੁਕਤ) ਐੱਸਐੱਸ ਸੋਹੀ ਨੇ ਦੱਸਿਆ ਕਿ ਸਾਬਕਾ ਫੌਜੀ ਹੌਲਦਾਰ ਸੁਰਿੰਦਰ ਸਿੰਘ ਵਾਸੀ ਮੁਕਤਸਰ ਨੇ ਅਖ਼ਬਾਰ ਵਿੱਚ ਚੰਡੀਗੜ੍ਹ ਦੀ ਇਕ ਸਿਕਿਉਰਿਟੀ ਕੰਪਨੀ ਵੱਲੋਂ ਸਾਬਕਾ ਫੌਜੀਆਂ ਨੂੰ ਨੌਕਰੀਆਂ ਦਿਵਾਉਣ ਦਾ ਇਸ਼ਤਿਹਾਰ ਪੜ੍ਹ ਕੇ ਉਨ੍ਹਾਂ ਨਾਲ ਤਾਲਮੇਲ ਕੀਤਾ ਸੀ। ਕੰਪਨੀ ਦੀ ਸੰਚਾਲਕ ਲੜਕੀ ਨੇ ਪੀੜਤ ਸੁਰਿੰਦਰ ਸਿੰਘ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ ਦੋ ਖਾਲੀ ਚੈੱਕ ਲੈ ਲਏ।
ਕਰਨਲ ਸੋਹੀ ਨੇ ਦੱਸਿਆ ਕਿ ਜਦੋਂ ਸੁਰਿੰਦਰ ਸਿੰਘ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਮੋਬਾਈਲ ਫੋਨ ’ਤੇ ਬੈਂਕ ਦਾ ਮੈਸੇਜ ਆਇਆ ਕਿ ਉਸ ਦੇ ਖਾਤੇ ’ਚੋਂ ਦੋ ਚੈੱਕਾਂ ਰਾਹੀਂ ਤਿੰਨ ਲੱਖ 20 ਹਜ਼ਾਰ 500 ਰੁਪਏ ਕਢਵਾ ਲਏ ਗਏ ਹਨ। ਬੈਂਕ ਦਾ ਸੁਨੇਹਾ ਦੇਖ ਕੇ ਸਾਬਕਾ ਫੌਜੀ ਨੇ ਤੁਰੰਤ ਗ੍ਰੀਵੈਂਸਿਜ਼ ਸੈੱਲ ਨਾਲ ਸੰਪਰਕ ਕੀਤਾ।
ਕਰਨਲ ਸੋਹੀ ਨੇ ਦੱਸਿਆ ਕਿ ਮਾਮਲੇ ਸਬੰਧੀ ਸਿਕਿਉਰਿਟੀ ਕੰਪਨੀ ਦੇ ਸੰਚਾਲਕ ਨਾਲ ਗੱਲ ਕੀਤੀ ਅਤੇ ਪੁਲੀਸ ਬੁਲਾਉਣ ਦੀ ਗੱਲ ਕਹਿਣ ’ਤੇ ਕੰਪਨੀ ਵੱਲੋਂ ਸੁਰਿੰਦਰ ਸਿੰਘ ਨੂੰ ਤਿੰਨ ਲੱਖ 20 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਗਏ।