ਮਨੋਜ ਸ਼ਰਮਾ
ਬਠਿੰਡਾ, 30 ਅਕਤੂਬਰ
ਬਠਿੰਡਾ ਡਿਪੂ ਟਿਕਟ ਘਪਲੇ ਤੋਂ ਬਾਅਦ ਇਕ ਵਾਰ ਫਿਰ ਤੋਂ ਵਿਵਾਦਾਂ ’ਚ ਘਿਰ ਗਆ ਹੈ। ਹੁਣ ਬਠਿੰਡਾ ਡਿਪੂ ਅੰਦਰ ਨੌਕਰੀ ਤੋਂ ਫਾਰਗ ਕੀਤਾ ਮਿਲੀਭੁਗਤ ਨਾਲ ਤਿੰਨ ਮਹੀਨੇ ਨੌਕਰੀ ਕਰਦਾ ਰਿਹਾ। ਜਾਣਕਾਰੀ ਅਨੁਸਾਰ ਬਠਿੰਡਾ ਡਿਪੂ ਨਾਲ ਸਬੰਧਤ ਠੇਕੇ ’ਤੇ ਕੰਡਕਟਰੀ ਕਰਦੇ ਗੁਰਮੀਤ ਸਿੰਘ ਨੂੰ ਡਿਉੂਟੀ ਤੋਂ ਗੈਰਹਾਜ਼ਰ ਤੇ ਅਣਗਹਿਲੀ ਦੇ ਚਲਦਿਆਂ ਜੁਲਾਈ ਮਹੀਨੇ ’ਚ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਪ੍ਰੰਤੂ ਨੌਕਰੀ ਤੋਂ ਫਾਰਗ ਉਕਤ ਕੰਡਕਟਰ ਤਿੰਨ ਮਹੀਨੇ ਡੱਬਵਾਲੀ ਵਾਇਆ ਬਠਿੰਡਾ ਤੋਂ ਚੰਡੀਗੜ੍ਹ ਚੱਲਦਾ ਰਿਹਾ। ਮਾਮਲੇ ਉਸ ਸਮੇਂ ਉਜਾਗਰ ਹੋਇਆ ਹੈ ਜਦੋਂ ਕੰਡਕਟਰ ਗੁਰਮੀਤ ਸਿੰਘ ਨੇ 3 ਮਹੀਨੇ ਦੀ ਤਨਖ਼ਾਹ ਮੰਗੀ। ਮਾਮਲਾ ਪੀਆਰਟੀਸੀ ਨਾਲ ਸਬੰਧਤ ਯੂਨੀਅਨਾਂ ਕੋਲ ਜਾ ਪੁੱਜਾ।
ਪਟਿਆਲਾ ਦੇ ਪੀਆਰਟੀਸੀ ਨਾਲ ਸਬੰਧਤ ਐੱਸਐੱਸ ਪ੍ਰੋਵਾਈਡਰ ਠੇਕੇਦਾਰ ਨੇ ਦੱਸਿਆ ਗਿਆ ਕਿ ਇਸ ਵਰਕਰ ਦੀਆਂ ਸੇਵਾਵਾਂ ਗੈਰਹਾਜ਼ਰ ਰਹਿਣ ਕਾਰਨ ਖ਼ਤਮ ਕਰ ਦਿੱਤੀਆਂ ਗਈਆਂ ਸਨ ਤਾਂ ਤਨਖਾਹ ਕਿਸ ਗੱਲ ਦੀ ਦਿੱਤੀ ਜਾਵੇ। ਇਸ ਮੌਕੇ ਬਠਿੰਡਾ ਡਿਪੂ ਦੇ ਪ੍ਰਧਾਨ ਸੰਦੀਪ ਗਰੇਵਾਲ ਨੇ ਇਸ ਕੰਡਕਟਰ ਕੋਲੋਂ ਕਥਿਤ ਮੋਟੀ ਰਕਮ ਵਸੂਲ ਕੇ ਆਪਸੀ ਮਿਲੀਭੁਗਤ ਨਾਲ ਜ਼ਬਾਨੀ ਕਲਾਮੀ ਡਿਊਟੀ ਕਰਵਾਈ ਅਤੇ ਕੰਡਕਟਰ ਦਾ ਤਿੰਨ ਮਹੀਨੇ ਕੰਮ ਕਰਵਾ ਕੇ ਸ਼ੋਸ਼ਣ ਕੀਤਾ ਗਿਆ।
ਉਨ੍ਹਾਂ ਟਰਾਂਸਪੋਰਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਜਲਦ ਕਰਵਾਈ ਕੀਤੀ ਜਾਵੇ ਜਾਂ ਇਹ ਕੇਸ ਵਿਜੀਲੈਂਸ ਵਿਭਾਗ ਨੂੰ ਸੌਂਪ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਬਠਿੰਡਾ ਮੁੜ ਡਿਪੂ ਵਿਵਾਦਾਂ ਵਿੱਚ ਘਿਰ ਗਿਆ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਜਨਰਲ ਮੈਨੇਜਰ
ਇਸ ਸਬੰਧੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤਫਤੀਸ਼ ਤੋਂ ਬਾਅਦ ਹੀ ਟਿੱਪਣੀ ਕਰ ਸਕਦੇ ਹਨ।