ਰਵੇਲ ਸਿੰਘ ਭਿੰਡਰ
ਪਟਿਆਲਾ, 8 ਅਕਤੂਬਰ
ਸਿੱਖਿਆ ਵਿਭਾਗ ਦਾ ਮੁੱਖ ਮਕਸਦ ਹੁੰਦਾ ਹੈ ਕਿ ਬੱਚਿਆ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਚੰਗੇ ਸਮਾਜ ਦੇ ਕਾਬਿਲ ਬਣਾਉਣਾ ਤੇ ਹਰ ਇਕ ਨੂੰ ਸਮਾਨ ਰੁਤਬਾ ਦੇਣ ਦੀ ਸਿੱਖਿਆ ਦੇਣਾ ਤਾਂ ਜੋ ਚੰਗੀ ਸਿੱਖਿਆ ਲੈ ਕੇ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਪਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਜਿਹੜਾ ਵਿਭਾਗ ਬੱਚਿਆ ਨੂੰ ਚੰਗੇ ਤਾਲੀਮ ਦੇ ਕੇ ਵਿਤਕਰੇਬਾਜ਼ੀ ਤੋਂ ਦੂਰ ਰਹਿਣਾ ਸਿਖਾਉਦਾ ਹੈ ਉਸੇ ਦੇ ਮਹਿਕਮੇ ਦੇ ਮੁਲਾਜ਼ਮ ਹੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਰਹੇ ਹਨ ਜਿਸਦੀ ਤਾਜ਼ਾ ਮਿਸਾਲ ਹੈ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਰਵ ਸਿੱਖਿਆ ਅਭਿਆਨ/ਮਿਡ-ਡੇਅ ਮੀਲ ਦਫਤਰੀ ਮੁਲਾਜ਼ਮ ਹਨ। ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ ਪਰ ਹਰ ਵਾਰ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2018 ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪਹਿਲੀ ਅਪਰੈਲ 2018 ਤੋਂ ਵਿਭਾਗ ਵਿੱਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫਤਰੀ ਮੁਲਾਜ਼ਮਾਂ ਨਾਲ ਕਥਿਤ ਵਿਤਕਰਾ ਕੀਤਾ ਗਿਆ ਜਿਸ ’ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਤੇ ਇਸ ਵਿਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ ਤੇ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਡਿਗਰੀ ਹੀ ਸਹੀ ਲੱਗਦੀ ਹੈ ਜਦੋਂਕਿ ਦਫਤਰੀ ਮੁਲਾਜ਼ਮਾਂ ਜੋ ਐਮ.ਬੀ.ਏ, ਐਲ.ਐ.ਬੀ, ਸੀ.ਏ, ਐਮ.ਏ, ਐਮ.ਸੀ.ਏ ਤੇ ਹੋਰ ਉੱਚ ਡਿਗਰੀਆਂ ਪਾਸ ਹਨ, ਦੀ ਡਿਗਰੀ ਕੋਰਾ ਕਾਗਜ਼ ਜਾਪ ਰਹੀ ਹੈ। ਇਸ ਮਾਮਲੇ ’ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੁਲਾਜ਼ਮ ਆਗੂ ਪ੍ਰਵੀਨ ਸ਼ਰਮਾ, ਹਰਦੇਵ ਸਿੰਘ ਤੇ ਚਮਕੌਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੌਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਅਣਗਿਣਤ ਮੀਟਿੰਗ ਹੋਈਆਂ ਹਨ ਜਿਸ ’ਚ ਹਰ ਵਾਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਤੁਹਾਨੁੰ ਪੱਕਾ ਕਰਨ ਲਈ ਕਾਰਵਾਈ ਕਰ ਰਹੇ ਹਾਂ ਤੇ ਅਗਲ਼ੀ ਕੈਬਿਨਟ ਮੀਟਿੰਗ ਵਿੱਚ ਤੁਹਾਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਸਿੱਖਿਆ ਮੰਤਰੀ ਦੇ ਇਹ ਲਾਰੇ ਸੁਣਦੇ ਸੁਣਦੇ ਢਾਈ ਸਾਲ ਬੀਤ ਗਏ ਹਨ ਤੇ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਹੁਣ 11 ਅਕਤੂਬਰ ਨੂੰ ਸੂਬੇ ਭਰ ਦੇ ਮੁਲਾਜ਼ਮ ਆਪਣੀਆਂ ਡਿਗਰੀਆਂ ਟੋਕਰੀ ਵਿੱਚ ਭਰ ਕੇ ਸਿੱਖਿਆ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਪਟਿਆਲਾ ਵਿੱਚ ਦੇਣ ਜਾਣਗੇ।