ਵਿਕਟੋਰੀਆ, 29 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਸੈਸ਼ੇਲਜ਼ ਨਾਲ ਕਰੋਨਾ ਕਾਲ ਤੋਂ ਬਾਅਦ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਹਿੰਦ ਮਹਾਸਾਗਰ ਦੇ ਅਹਿਮ ਦੇਸ਼ ਦੇ ਦੋ ਦਿਨਾਂ ਦੌਰੇ ਦੌਰਾਨ ਉੱਥੋਂ ਦੇ ਉੱਚ ਨੇਤਾਵਾਂ ਨਾਲ ਉੱਚ ਪੱਧਰੀ ਮੀਟਿੰਗਾਂ ’ਚ ਇਸ ਸਬੰਧੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਜੈਸ਼ੰਕਰ, ਜੋ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਇੱਥੇ ਪਹੁੰਚੇ, ਇਸ ਤੋਂ ਪਹਿਲਾਂ ਤਿੰਨ ਦੇਸ਼ਾਂ ਦੇ ਦੌਰੇ ਦੌਰਾਨ ਬਹਿਰੀਨ ਵੀ ਗਏ ਸਨ। ਇਹ ਦੌਰਾ ਮੰਗਲਵਾਰ ਸ਼ੁਰੂ ਹੋਇਆ ਸੀ। ਵਿਦੇਸ਼ ਮੰਤਰਾਲੇ ਵੱਲੋਂ ਅੱਜ ਜਾਰੀ ਬਿਆਨ ਮੁਤਾਬਕ, ‘ਵਿਦੇਸ਼ ਮੰਤਰੀ ਨੇ ਦੁਹਰਾਇਆ ਕਿ ਕਰੋਨਾ ਦੇ ਸਮੇਂ ਮਗਰੋਂ ਭਾਰਤ-ਸੈਸ਼ੇਲਜ਼ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਸਬੰਧੀ ਭਾਰਤ ਵਚਨਬੱਧ ਹੈ। ਉਨ੍ਹਾਂ ਨੇ ਹਿੰਦ ਮਹਾਸਾਗਰ ਖੇਤਰ ਬਾਰੇ ਭਾਰਤ ਦੀ ਨੀਤੀ ’ਤੇ ਵੀ ਚਰਚਾ ਕੀਤੀ।’
ਵਿਦੇਸ਼ ਮੰਤਰੀ ਨੇ ਸੈਸ਼ੇਲਜ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਵਾਵੇਲ ਰਾਮਕਲਾਵਨ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ। ਜੈਸ਼ੰਕਰ ਅਤੇ ਰਾਮਕਲਾਵਨ ਨੇ ਜਮਹੂਰੀ ਅਤੇ ਕਾਨੂੰਨੀ ਸਾਸ਼ਨ ਦੇ ਮੁੱਲਾਂ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ।
ਸ੍ਰੀ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਧਾਈ ਸੰਦੇਸ਼ ਵੀ ਸ੍ਰੀ ਰਾਮਕਲਾਵਨ ਨੂੰ ਦਿੱਤਾ ਅਤੇ ਸੈਸ਼ੈਲਜ਼ ਦੇ ਰਾਸ਼ਟਰਪਤੀ ਨੂੰ 2021 ’ਚ ਭਾਰਤ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਰਾਮਕਲਾਵਨ ਨੇ ਕਰੋਨਾ ਮਹਾਮਾਰੀ ਦੌਰਾਨ ਭਾਰਤ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ। -ਪੀਟੀਆਈ