ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਗਸਤ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਵੀ.ਕੇ.ਜੰਜੂਆ ਨੂੰ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਜੰਜੂਆ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ ਜਿਸ ਨਾਲ ‘ਆਪ’ ਸਰਕਾਰ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਬਾਬਤ ਰਿਕਾਰਡ ਪਹਿਲੀ ਅਗਸਤ ਨੂੰ ਤਲਬ ਕੀਤਾ ਸੀ। ਪਟੀਸ਼ਨਰ ਤੁਲਸੀ ਰਾਮ ਮਿਸ਼ਰਾ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਮੁੱਖ ਸਕੱਤਰ ਜੰਜੂਆ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਸੀ ਅਤੇ ਉਨ੍ਹਾਂ ਜੰਜੂਆ ਖਿਲਾਫ 2009 ਵਿਚ ਚੱਲੇ ਇੱਕ ਕੇਸ ਨੂੰ ਆਧਾਰ ਬਣਾ ਕੇ ਪਟੀਸ਼ਨ ਪਾਈ ਸੀ ਪਰ ਅੱਜ ਪਟੀਸ਼ਨਰ ਨੇ ਪਟੀਸ਼ਨ ਵਾਪਸ ਲੈ ਲਈ ਜਿਸ ਮਗਰੋਂ ਹਾਈਕੋਰਟ ਨੇ ਕੇਸ ਖਾਰਜ ਕਰ ਦਿੱਤਾ। ਐਡਵੋਕੇਟ ਜਨਰਲ ਵਿਨੋਦ ਘਈ ਨੇ ਦਲੀਲ ਦਿੱਤੀ ਕਿ ਜੰਜੂਆ ਦੀ ਤਰੱਕੀ ਨਹੀਂ ਹੋਈ ਸਗੋਂ ਮੁੱਖ ਸਕੱਤਰ ਵਜੋਂ ਤਬਾਦਲਾ ਹੋਇਆ ਹੈ।