ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 11 ਸਤੰਬਰ
ਸਮਾਰਟ ਸਿਟੀ ਫਰੀਦਾਬਾਦ ਅੱਜ ਭਾਰੀ ਮੀਂਹ ਕਾਰਨ ਜਲ-ਥਲ ਹੋ ਗਿਆ ਅਤੇ ਕਈ ਕਲੋਨੀਆਂ ਤੇ ਸੈਕਟਰਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਸਾਰੇ ਸ਼ਹਿਰ ਵਿੱਚ ਟਰੈਫਿਕ ਜਾਮ ਤੇ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਲੋਕ ਪ੍ਰਸ਼ਾਸਨ ਤੇ ਸਰਕਾਰ ਨੂੰ ਕੋਸਦੇ ਵੇਖੇ ਗਏ। ਕਾਂਗਰਸ ਦੇ ਸੂਬਾਈ ਬੁਲਾਰੇ ਸੁਮਿਤ ਗੌੜ ਤੇ ਹੋਰਾਂ ਨੇ ਜ਼ਿਲ੍ਹਾ ਮੁੱਖ ਦਫਤਰ ਨੂੰ ਜਾਣ ਵਾਲੀ ਸੜਕ ‘ਤੇ ਕਿਸ਼ਤੀ ਚਲਾ ਕੇ ਭਾਜਪਾ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਦਿਆਂ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਸੁਮਿਤ ਗੌੜ ਤੇ ਚੇਅਰਮੈਨ ਰਾਕੇਸ਼ ਭਡਾਨਾ ਕਿਸ਼ਤੀ ‘ਤੇ ਸਵਾਰ ਹੋ ਕੇ ਭਾਜਪਾ ਵਿਧਾਇਕ ਨਰਿੰਦਰ ਗੁਪਤਾ ਦੇ ਦਫਤਰ ਪਹੁੰਚੇ ਤੇ ਸੜਕਾਂ ‘ਤੇ ਪਾਣੀ ਭਰਨ ਦਾ ਜਾਇਜ਼ਾ ਲਿਆ। ਸੁਮਿਤ ਗੌੜ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਵਿਕਾਸ ਇੱਕ ਦਿਨ ਦੀ ਮੀਂਹ ਵਿੱਚ ਪੂਰੀ ਤਰ੍ਹਾਂ ਸੜਕਾਂ ’ਤੇ ਆ ਗਿਆ ਹੈ, ਇਹ ਸਰਕਾਰ ਸਿਰਫ ‘ਜੁਮਲੇਬਾਜ਼’ ਸਰਕਾਰ ਹੈ। ਜਾਣਕਾਰੀ ਮੁਤਾਬਿਕ ਜਵਾਹਰ ਕਲੋਨੀ, ਡਬੂਆ ਕਲੋਨੀ, ਐਨਆਈਟੀ ਸਮੇਤ ਸੈਕਟਰ -7, 8, 9, 15 ਏ, 16 ਦੇ ਸਾਰੇ ਖੇਤਰ ਪਾਣੀ ਵਿੱਚ ਡੁੱਬੇ ਰਹੇ। ਰਾਸ਼ਟਰੀ ਰਾਜ ਮਾਰਗ ‘ਤੇ ਸੂਰਜਕੁੰਡ ਤੇ ਐਨਆਈਟੀ ਖੇਤਰ ਨੂੰ ਜੋੜਨ ਵਾਲੇ ਅੰਡਰਪਾਸ ਕ੍ਰਮਵਾਰ ਗ੍ਰੀਨ ਫੀਲਡ, ਮੇਵਲਾ ਮਹਾਰਾਜਪੁਰ ਤੇ ਪੁਰਾਣੇ ਫਰੀਦਾਬਾਦ ਅੰਡਰਪਾਸਾਂ ਵਿੱਚ ਮੀਂਹ ਦੇ ਪਾਣੀ ਨਾਲ ਭਰੇ ਹੋਏ ਸਨ। ਨੀਲਮ ਪੁਲ, ਬਾਟਾ ਪੁਲ ਤੇ ਬੱਲਭਗੜ੍ਹ-ਸੋਹਣਾ ਪੁਲ ‘ਤੇ ਵਾਹਨਾਂ ਦੀ ਲੰਮੀ ਕਤਾਰ ਲੱਗੀ ਰਹੀ। ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅੰਡਰਪਾਸ ਪਾਣੀ ਨਾਲ ਨਹੀਂ ਭਰੇਗਾ। ਜੇ ਇਹ ਭਰਿਆ ਹੋਇਆ ਹੈ ਤਾਂ ਇਸ ਨੂੰ ਜਿੰਨੀ ਜਲਦੀ ਹੋ ਸਕੇ ਹਟਾ ਦਿੱਤਾ ਜਾਵੇਗਾ।