ਕਰਮਜੀਤ ਸਿੰਘ ਚਿੱਲਾ
ਬਨੂੜ, 17 ਮਈ
ਪਿੰਡ ਥੂਹਾ ਦੇ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਵਿਖੇ ਬੀਤੀ ਰਾਤ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਅਗਨ ਭੇਟ ਹੋ ਗਏ। ਅੱਗ ਨਾਲ ਗੁਰਦੁਆਰੇ ਦੇ ਪੱਖੇ, ਏਸੀ, ਅਲਮਾਰੀਆਂ ਆਦਿ ਸਾਮਾਨ ਸੜ ਗਿਆ। ਅੱਗ ਲੱਗਣ ਦੀ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੀ।
ਭਾਈ ਮੇਵਾ ਸਿੰਘ ਨੇ ਦੱਸਿਆ ਕਿ ਕਿਸੇ ਨੇ ਢਾਈ ਕੁ ਵਜੇ ਦੇ ਕਰੀਬ ਉਨ੍ਹਾਂ ਨੂੰ ਗੁਰਦੁਆਰੇ ਵਿੱਚੋਂ ਧੂੰਆਂ ਉੱਠਣ ਦੀ ਫੋਨ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਗੁਰਦੁਆਰੇ ਦੇ ਪ੍ਰਧਾਨ ਅਮਰ ਸਿੰਘ ਤੇ ਹੋਰਨਾਂ ਸਮੇਤ ਮੌਕੇ ’ਤੇ ਪਹੁੰਚੇ ਤਾਂ ਗੁਰਦੁਆਰੇ ਦਾ ਹਾਲ ਧੂੰਏਂ ਨਾਲ ਭਰਿਆ ਪਿਆ ਸੀ। ਉਨ੍ਹਾਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅਤੇ ਦਰਵਾਜ਼ੇ ਖੋਲ੍ਹ ਕੇ ਅੱਗ ਬੁਝਾਈ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅੱਗ ਲੱਗਣ ਦੀ ਘਟਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁੱਖਆਸਣ ਕਰਨ ਵਾਲੇ ਪਲੰਘ ਉੱਤੇ ਲੱਗੀ ਬਿਜਲੀ ਦੀ ਪੱਖੀ ਦੀਆਂ ਤਾਰਾਂ ਦੇ ਜੋੜਾਂ ਵਿੱਚੋਂ ਡਿੱਗੇ ਚੰਗਿਆੜਿਆਂ ਨਾਲ ਵਾਪਰੀ। ਉਨ੍ਹਾਂ ਦੱਸਿਆ ਕਿ ਤਿੰਨਾਂ ਸਰੂਪਾਂ ਦੀਆਂ ਸਿਰਫ਼ ਜਿਲਦਾਂ ਅੱਗ ਨਾਲ ਨੁਕਸਾਨੀਆਂ ਗਈਆਂ ਤੇ ਅੰਗਾਂ ਦਾ ਬਚਾਅ ਹੋ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਮੌਕੇ ’ਤੇ ਪੁੱਜੇ। ਉਨ੍ਹਾਂ ਅਗਨ ਭੇਟ ਹੋਏ ਤਿੰਨਾਂ ਸਰੂਪਾਂ ਨੂੰ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਪਹੁੰਚਾਇਆ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰ ਸਿੰਘ ਨੇ ਆਖਿਆ ਕਿ ਘਟਨਾ ਦੇ ਪਸ਼ਚਾਤਾਪ ਵਜੋਂ ਅਖੰਡ ਪਾਠ ਕਰਵਾਏ ਜਾਣਗੇ। ਡੀਐੱਸਪੀ ਘਨੌਰ ਅਤੇ ਥਾਣਾ ਸ਼ੰਭੂ ਦੇ ਐੱਸਐੱਚਓ ਨੇ ਘਟਨਾ ਦਾ ਜਾਇਜ਼ਾ ਲਿਆ।
ਸ਼੍ਰੋਮਣੀ ਕਮੇਟੀ ਵੱਲੋਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ (ਟਨਸ): ਪਿੰਡ ਥੂਹਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਅਗਨ ਭੇਟ ਹੋਣ ’ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਉਪਕਰਨਾਂ ਦਾ ਨਿਰੀਖਣ ਕਰਦੇ ਰਹਿਣ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਹੋਣ।