ਪੱਤਰ ਪ੍ਰੇਰਕ
ਲੰਬੀ, 30 ਅਕਤੂਬਰ
ਮੰਡੀ ਕਿੱਲਿਆਂਵਾਲੀ ਵਿਖੇ ਗਸ਼ਤ ਦੌਰਾਨ ਜੀਪ ਸਵਾਰਾਂ ਤੋਂ ਗਲੀ ਵਿੱਚ ਖੜ੍ਹੇ ਹੋਣ ਦਾ ਕਾਰਨ ਪੁੱਛਣਾ ਇੱਕ ਪੁਲੀਸ ਕਾਂਸਟੇਬਲ ਅਤੇ ਹੋਮਗਾਰਡ ਮੁਲਾਜ਼ਮ ਨੂੰ ਮਹਿੰਗਾ ਪਿਆ। ਜੀਪ ਸਵਾਰਾਂ ਨੂੰ ਪੁੱਛਗਿੱਛ ਲਈ ਚੌਕੀ ਲਿਜਾਣ ਮੌਕੇ ਇਨੋਵਾ ਸਵਾਰ ਕਈ ਵਿਅਕਤੀਆਂ ਨੇ ਹਮਲਾ ਕਰਕੇ ਦੋਵੇਂ ਮੁਲਾਜ਼ਮਾਂ ਦੀ ਮਾਰ-ਕੁੱਟ ਕਰਕੇ ਕਥਿਤ ਵਰਦੀ ਪਾੜ ਦਿੱਤੀ। ਜ਼ਖ਼ਮੀ ਕਾਂਸਟੇਬਲ ਨੂੰ ਸਿਵਲ ਹਸਪਤਾਲ ਗਿੱਦੜਬਾਹਾ ‘ਚ ਦਾਖ਼ਲ ਕਰਵਾਇਆ ਗਿਆ ਹੈ। ਲੰਬੀ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਕਾਂਸਟੇਬਲ ਕੁਲਦੀਪ ਸਿੰਘ ਤੇ ਹੋਮਗਾਰਡ ਮੁਲਾਜਮ ਗੁਰਮੇਲ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਦੇ ਬਿਆਨਾਂ ਅਨੁਸਾਰ ਨੌਜਵਾਨ ਜਦੋਂ ਜੀਪ ਦੇ ਦਸਤਾਵੇਜ਼ ਪੇਸ਼ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਥਾਣੇ ਚੱਲਣ ਲਈ ਕਿਹਾ ਗਿਆ। ਜਦੋਂ ਉਹ ਥਾਣੇ ਜਾ ਰਹੇ ਸਨ ਤਾਂ ਰਾਹ ’ਚ ਪਿੱਛਿਓਂ ਆਈ ਇੱਕ ਇਨੋਵਾ ਗੱਡੀ ਨੇ ਮੂਹਰੇ ਆ ਕੇ ਜੀਪ ਨੂੰ ਰੋਕ ਲਿਆ ਅਤੇ ਗੱਡੀ ’ਚੋਂ ਉਤਰੇ ਮਰਦ ਔਰਤਾਂ ਨੇ ਉਨ੍ਹਾਂ ’ਤੇ ਹਮਲਾ ਕਰਕੇ ਸੱਟਾਂ ਮਾਰੀਆਂ। ਲੰਬੀ ਥਾਣੇ ਵਿੱਚ ਕੁਲਦੀਪ ਸਿੰਘ ਦੇ ਬਿਆਨਾਂ ‘ਤੇ ਬਲਰਾਜ ਸਿੰਘ ਉਰਫ ਸੋਨੂੰ, ਉਸਦੀ ਪਤਨੀ ਬਿੱਟੂ ਕੌਰ, ਬਿੱਟੂ ਕੌਰ ਦੀ ਭੈਣ ਰਾਜਵੰਤੀ ਵਾਸੀ ਨਥੇਹਾ, ਸੰਜੂ ਵਾਸੀ ਭਾਟੀ ਕਾਲੋਨੀ, ਰਾਮਜੀ ਵਾਸੀ ਗੁਰੂਸਰ, ਮਨਪ੍ਰੀਤ ਕੌਰ, ਆਸ਼ੂ, ਸਿਮੀ ਉਰਫ ਅਮਨ ਤੇ ਤਿੰਨ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।