ਸ੍ਰੀਨਗਰ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਹੁਲ ਭੱਟ ਦੀ ਹੱਤਿਆ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਵਾਲੇ ਕਸ਼ਮੀਰੀ ਪੰਡਿਤ ਮੁਲਾਜ਼ਮਾਂ ’ਤੇ ਲਾਠੀਚਾਰਜ ਕੀਤੇ ਜਾਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਡਗਾਮ ਵਿਚ ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧਤ ਜੰਮੂ ਕਸ਼ਮੀਰ ਸਰਕਾਰ ਦੇ ਕਰਮਚਾਰੀ ਰਾਹੁਲ ਦੀ ਵੀਰਵਾਰ ਅਤਿਵਾਦੀਆਂ ਨੇ ਦਫ਼ਤਰ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਈਚਾਰੇ ਨਾਲ ਸਬੰਧਤ ਮੁਲਾਜ਼ਮਾਂ ਨੇ ਬਾਅਦ ਵਿਚ ਇਸ ’ਤੇ ਰੋਸ ਜ਼ਾਹਿਰ ਕੀਤਾ ਸੀ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਸੀ ਤੇ ਅੱਥਰੂ ਗੈਸ ਵੀ ਵਰਤੀ ਸੀ। ਦੱਸਣਯੋਗ ਹੈ ਕਿ ਰੋਸ ਮੁਜ਼ਾਹਰੇ ਜੰਮੂ ਕਸ਼ਮੀਰ ਵਿਚ ਕਈ ਥਾਵਾਂ ਉਤੇ ਹੋਏ ਸਨ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪ੍ਰਸ਼ਾਸਨ ਕਸ਼ਮੀਰੀ ਪੰਡਿਤ ਕਰਮਚਾਰੀਆਂ ਦੀ ਰਾਖੀ ਕਰਨ ਵਿਚ ‘ਨਾਕਾਮ’ ਹੋਇਆ ਹੈ। ਸਰਕਾਰ ਨੇ ਭੱਟ ਦੀ ਹੱਤਿਆ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ ਤੇ ਇਕ ‘ਸਿਟ’ ਕਾਇਮ ਕੀਤੀ ਗਈ ਹੈ। ਸਿਨਹਾ ਨੇ ਕਿਹਾ, ‘ਰਾਹੁਲ ਭੱਟ ਦੀ ਹੱਤਿਆ ਮਿੱਥ ਕੇ ਇਕ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਹੈ ਤਾਂ ਕਿ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਉਹ ਬਹੁਤ ਚੰਗਾ ਮੁਲਾਜ਼ਮ ਸੀ। ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਸਾਰੇ ਪੱਖਾਂ ਤੋਂ ਜਾਂਚ ਕਰੇਗੀ।’ ਉਨ੍ਹਾਂ ਕਿਹਾ ਕਿ ਟੀਮ ਮੁਜ਼ਾਹਰਾਕਾਰੀਆਂ ’ਤੇ ਤਾਕਤ ਵਰਤਣ ਦੇ ਮਾਮਲੇ ਦੀ ਵੀ ਜਾਂਚ ਕਰੇਗੀ। ਉਪ ਰਾਜਪਾਲ ਨੇ ਕਿਹਾ ਕਿ ਇਕ ਹਫ਼ਤੇ ਵਿਚ ਰੋਸ ਜ਼ਾਹਿਰ ਕਰਨ ਵਾਲੇ ਮੁਲਾਜ਼ਮਾਂ ਨੂੰ ਸੁਰੱਖਿਅਤ ਥਾਵਾਂ ’ਤੇ ਪੋਸਟਿੰਗ ਦਿੱਤੀ ਜਾਵੇਗੀ। ਸਿਨਹਾ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਕੁਝ ਹੋਰ ਸ਼ਿਕਾਇਤਾਂ ਵੀ ਹਨ ਜਿਨ੍ਹਾਂ ਨੂੰ ਸੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਪੂਰੀ ਸੁਰੱਖਿਆ ਦੇਣ ਲਈ ਪ੍ਰਬੰਧ ਕਰੇਗਾ, ਚਾਹੇ ਉਹ ਜਿੱਥੇ ਮਰਜ਼ੀ ਤਾਇਨਾਤ ਹੋਣ। ਉਪ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਰੋਸ ਜ਼ਾਹਿਰ ਕਰਨ ਵਾਲਿਆਂ ’ਤੇ ਤਾਕਤ ਬਿਲਕੁਲ ਨਾ ਵਰਤੀ ਜਾਵੇ। ਸਿਨਹਾ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਸਮਾਂ ਧੀਰਜ ਰੱਖਣ, ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ। ਉਪ ਰਾਜਪਾਲ ਨੇ ਕਿਹਾ ਕਿ ਕੁਝ ਲੋਕ ਕਸ਼ਮੀਰ ਵਿਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ‘ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।’ ਉਨ੍ਹਾਂ ਕਿਹਾ, ‘ਮੈਂ ਸਿਆਸਤਦਾਨਾਂ, ਸਿਆਸੀ ਪਾਰਟੀਆਂ ਤੇ ਆਮ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਾ ਹਾਂ ਤਾਂ ਕਿ ਸ਼ਾਂਤੀ ਦਾ ਮਾਹੌਲ ਬਣਿਆ ਰਹੇ। ਕੁਝ ਲੋਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਫ਼ਲ ਨਹੀਂ ਹੋਣਗੇ। ਘਟਨਾ ਵਿਚ ਸ਼ਾਮਲ ਦੋ ਵਿਦੇਸ਼ੀ ਅਤਿਵਾਦੀ ਮਾਰੇ ਗਏ ਹਨ ਤੇ ਪੁਲੀਸ ਹੋਰਾਂ ਦੀ ਭਾਲ ਕਰ ਰਹੀ ਹੈ।’ -ਪੀਟੀਆਈ
‘ਗੁਪਕਾਰ’ ਆਗੂਆਂ ਵੱਲੋਂ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਨਾ ਛੱਡਣ ਦੀ ਅਪੀਲ
ਸ੍ਰੀਨਗਰ: ਜੰਮੂ ਕਸ਼ਮੀਰ ਦੀਆਂ ਵੱਡੀਆਂ ਪਾਰਟੀਆਂ ਦੀ ਸ਼ਮੂਲੀਅਤ ਵਾਲੇ ‘ਗੁਪਕਾਰ’ ਗੱਠਜੋੜ ਨੇ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਦੀ ਛੱਡ ਕੇ ਨਾ ਜਾਣ ਕਿਉਂਕਿ ਇਹ ਉਨ੍ਹਾਂ ਦਾ ਘਰ ਹੈ ਤੇ ਉਨ੍ਹਾਂ ਦਾ ਜਾਣਾ ‘ਸਾਰਿਆਂ ਲਈ ਦਰਦ ਭਰਿਆ ਹੋਵੇਗਾ’। ਜ਼ਿਕਰਯੋਗ ਹੈ ਕਿ ਰਾਹੁਲ ਭੱਟ ਦੀ ਹੱਤਿਆ ਮਗਰੋਂ ਭਾਈਚਾਰਾ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਕਿਸੇ ਹੋਰ ਥਾਂ ਨਿਯੁਕਤ ਕਰਨ ਦੀ ਮੰਗ ਕਰ ਰਿਹਾ ਹੈ। ‘ਗੁਪਕਾਰ’ ਗੱਠਜੋੜ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਮਗਰੋਂ ਇਹ ਅਪੀਲ ਕੀਤੀ। ਗੱਠਜੋੜ ਦੇ ਬੁਲਾਰੇ ਐਮ.ਵਾਈ. ਤਰੀਗਾਮੀ ਨੇ ਕਿਹਾ ਕਿ ਵਾਦੀ ਕਸ਼ਮੀਰੀ ਮੁਸਲਮਾਨਾਂ ਤੇ ਪੰਡਿਤਾਂ ਦੀ ਸਾਂਝੀ ਹੈ। ਤਰੀਗਾਮੀ ਨੇ ਕਿਹਾ ਕਿ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਬਰਾਬਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਜੇ ਰਾਹੁਲ ਦੀ ਹੱਤਿਆ ਕੀਤੀ ਗਈ ਹੈ ਤਾਂ ਰਿਆਜ਼ (ਪੁਲੀਸ ਕਰਮੀ) ਨੂੰ ਵੀ ਮਾਰਿਆ ਗਿਆ ਹੈ।’ ਗੁਪਕਾਰ ਦੇ ਆਗੂਆਂ ਨੇ ਉਪ ਰਾਜਪਾਲ ਨਾਲ ਮੁਲਾਕਾਤ ਵਿਚ ਮੁਲਾਜ਼ਮਾਂ ਦੀ ਸੁਰੱਖਿਅਤ ਥਾਵਾਂ ’ਤੇ ਪੋਸਟਿੰਗ ਦਾ ਮੁੱਦਾ ਉਭਾਰਿਆ ਹੈ। ਇਸੇ ਦੌਰਾਨ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਵੀ ਉਪ ਰਾਜਪਾਲ ਨੂੰ ਮਿਲੀ ਹੈ। ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਵਫ਼ਦ ਨੇ ਘੱਟਗਿਣਤੀਆਂ ਦੀ ਹੱਤਿਆਵਾਂ ਦਾ ਮੁੱਦਾ ਚੁੱਕਿਆ। ਭਾਜਪਾ ਨੇ ਇਨ੍ਹਾਂ ਘਟਨਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। -ਪੀਟੀਆਈ