ਨਵੀਂ ਦਿੱਲੀ, 4 ਸਤੰਬਰ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਕੇ ਪਾਰਟੀ ਦੇ ਭਵਿੱਖ ਅਤੇ ਪਾਰਟੀ ਪ੍ਰਧਾਨ ਦੀ ਆਉਂਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ। ਕਰੀਬ ਅੱਧੇ ਘੰਟੇ ਦੀ ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਥਰੂਰ ਅਤੇ ਗਹਿਲੋਤ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸੰਭਾਵਿਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਗਹਿਲੋਤ ਨੇ ਪਿਛਲੇ ਹਫ਼ਤੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਸੀ ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਭ ਤੋਂ ਅੱਗੇ ਹਨ। ਉਨ੍ਹਾ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਮੁੜ ਤੋਂ ਸਾਂਭਣ ਲਈ ਆਖਰੀ ਸਮੇਂ ਤੱਕ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਥਰੂਰ ਨੇ ਕਿਹਾ ਸੀ ਕਿ ਉਹ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਬਾਰੇ ਕੋਈ ਫ਼ੈਸਲਾ ਲੈਣਗੇ। ਕਾਂਗਰਸ ਵੱਲੋਂ ਅੱਜ ਇਥੋਂ ਦੇ ਰਾਮਲੀਲਾ ਮੈਦਾਨ ’ਚ ਕੀਤੀ ਗਈ ‘ਮਹਿੰਗਾਈ ਪਰ ਹੱਲਾ ਬੋਲ’ ਰੈਲੀ ਦੌਰਾਨ ਗਹਿਲੋਤ ਅਤੇ ਥਰੂਰ ਵੀ ਹਾਜ਼ਰ ਸਨ। ਥਰੂਰ ਨੇ ਪਾਰਟੀ ਦੀ ‘ਮਹਿੰਗਾਈ ਖਿਲਾਫ਼ ਹੱਲਾ ਬੋਲ’ ਰੈਲੀ ਵਿਚ ਰਾਹੁਲ ਗਾਂਧੀ ਵੱਲੋਂ ਕੀਤੀ ‘ਮਜ਼ਬੂਤ ਤਕਰੀਰ’ ਦੀ ਸ਼ਲਾਘਾ ਕੀਤੀ ਹੈ। ਥਰੂਰ ਨੇ ਗਾਂਧੀ ਦੀ ਤਾਰੀਫ਼ ਕਰਦਿਆਂ ਕੀਤੇ ਟਵੀਟ ਵਿੱਚ ਕਿਹਾ, ‘‘ਰਾਹੁਲ ਗਾਂਧੀ ਦੀ ਮਜ਼ਬੂਤ ਤਕਰੀਰ ਕਰਕੇ ਰਾਮ ਲੀਲਾ ਮੈਦਾਨ ਵਿੱਚ ਲੋਕਾਂ ਦੀ ਵੱਡੀ ਭੀੜ ਜੁੜੀ। ਹੁਣ ‘ਭਾਰਤ ਜੋੜੋ ਯਾਤਰਾ!’ ਰਾਹੀਂ ਪੂਰੇ ਦੇਸ਼ ਵਿੱਚ ਇਹੀ ਸੁਨੇਹਾ ਲਿਜਾਣ ਦੀ ਲੋੜ ਹੈ।’’ -ਪੀਟੀਆਈ