ਮਿਹਰ ਸਿੰਘ
ਕੁਰਾਲੀ, 1 ਫਰਵਰੀ
ਬੇਸਹਾਰਾ, ਗੁੰਮਸ਼ੁਦਾ, ਅਨਾਥ ਲਵਾਰਿਸ ਮਾਨਸਿਕ ਤੇ ਸਰੀਰਕ ਰੋਗੀ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਦੀ ਸੇਵਾ ਨੂੰ ਅਣਦੇਖਿਆ ਕਰਕੇ ਪਾਵਰਕੌਮ ਵਲੋਂ ਅੱਜ ਸੰਸਥਾ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ। ਪ੍ਰਭ ਆਸਰਾ ਦੇ ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ਪਡਿਆਲਾ, ਰਜਿੰਦਰ ਕੌਰ ਪਡਿਆਲਾ ਅਤੇ ਹੋਰਨਾਂ ਨੇ ਦੱਸਿਆ ਕਿ ਸੰਸਥਾ ਵਿੱਚ ਲੱਗੇ ਸੋਲਰ ਸਿਸਟਮ ਦੇ ਬਾਵਜੂਦ ਪਾਵਰਕੌਮ ਵਲੋਂ ਉਨ੍ਹਾਂ ਨੂੰ ਕਰੀਬ 20 ਲੱਖ ਦਾ ਬਿੱਲ ਭੇਜਿਆ ਹੋਇਆ ਹੈ। ਉਨ੍ਹਾਂ ਕਿਹਾ ਬਿਜਲੀ ਦੇ ਬਿੱਲ ਦੀ ਇਹ ਬਕਾਇਆ ਰਕਮ ਕਰੋਨਾ ਕਾਲ ਦੀ ਹੈ ਜਿਸ ਸਮੇਂ ਦੌਰਾਨ ਸੰਸਥਾ ਨੇ ਪ੍ਰਭ ਆਸਰਾ ਵਿੱਚ ਰਹਿ ਰਹੇ ਅਤੇ ਹੋਰਨਾਂ ਖੇਤਰਾਂ ਦੇ ਲਾਚਾਰ ਲੋਕਾਂ ਦੀ ਹਰ ਪੱਖ ਤੋਂ ਸੇਵਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ਦੇ ਬਾਵਜੂਦ ਆਏ ਇਸ ਬਿਲ ਸਬੰਧੀ ਉਹ ਅਨੇਕਾਂ ਵਾਰ ਅਧਿਕਾਰੀਆਂ ਤੇ ਪ੍ਰਸ਼ਾਸਨ ਨਾਲ ਸੰਪਰਕ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਅੱਜ ਪਾਵਰਕੌਮ ਵਲੋਂ ਕੁਨੈਕਸ਼ਨ ਕੱਟ ਕੇ ਸੰਸਥਾ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ। ਸ਼ਮਸ਼ੇਰ ਸਿੰਘ ਪਡਿਆਲਾ ਤੇ ਹੋਰਨਾਂ ਨੇ ਦੱਸਿਆ ਕਿ ਸੰਸਥਾ ਦੀ ਬਿਜਲੀ ਸਪਲਾਈ ਬੰਦ ਕੀਤੇ ਜਾਣ ਕਾਰਨ ਸੰਸਥਾ ਵਿੱਚ ਰਹਿ ਰਹੇ ਕਰੀਬ 500 ਲਾਵਾਰਿਸ, ਮੰਦਬੁੱਧੀ ਤੇ ਅੰਗਹੀਣ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ ਲਈ ਲਗਾਈਆਂ ਮਸ਼ੀਨਾਂ ਬੰਦ ਹੋ ਗਈਆਂ ਹਨ ਅਤੇ ਸੰਸਥਾ ਵਿੱਚ ਰਹਿ ਰਹੇ ਪ੍ਰਾਣੀਆਂ ਨੂੰ ਅੱਤ ਦੀ ਸਰਦੀ ਤੋਂ ਬਚਾਉਣ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਅਨੇਕਾਂ ਹੋਰ ਸਹੂਲਤਾਂ ਵੀ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਹਾਲਾਤ ਵਿੱਚ ਜੇਕਰ ਕਿਸੇ ਪ੍ਰਾਣੀ ਦੀ ਜਾਨ ਗਈ ਤਾਂ ਉਸ ਲਈ ਸਰਕਾਰ ਤੇ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ।
ਵਿਭਾਗ ਨੇ ਨੇਮਾਂ ਅਨੁਸਾਰ ਕੀਤੀ ਕਾਰਵਾਈ: ਸਹਾਇਕ ਕਾਰਜਕਾਰੀ ਇੰਜਨੀਅਰ
ਪਾਵਰਕੌਮ ਦੇ ਸਥਾਨਕ ਉੱਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਰਣਧੀਰ ਸਿੰਘ ਨੇ ਦੱਸਿਆ ਕਿ ਪ੍ਰਭ ਆਸਰਾ ਸੰਸਥਾ ਵੱਲ ਕਰੀਬ ਦੋ ਸਾਲ ਤੋਂ 20 ਲੱਖ ਦਾ ਬਿਲ ਬਕਾਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਇਸ ਸਬੰਧੀ ਸੰਸਥਾ ਨੂੰ ਇੱਕ ਹਫ਼ਤੇ ਦਾ ਨੋਟਿਸ ਵੀ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨੋਟਿਸ ਦੇ ਬਾਜਜੂਦ ਬਿਲ ਦੀ ਰਕਮ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਉਨ੍ਹਾਂ ਨੇ ਵਿਭਾਗੀ ਨੇਮਾਂ ਅਨੁਸਾਰ ਅੱਜ ਕੁਨੈਕਸ਼ਨ ਕੱਟਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਪ੍ਰਬੰਧਕ ਇਹ ਰਕਮ ਕਿਸ਼ਤਾਂ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹਨ।