ਪਵਨ ਕੁਮਾਰ ਵਰਮਾ
ਧੂਰੀ, 11 ਜੂਨ
ਭਾਵੇਂ ਸਰਕਾਰ ਵੱਲੋਂ ਦਿਨੋ-ਦਿਨ ਵੱਧ ਰਹੀ ਆਵਾਜਾਈ ਤੇ ਹਾਦਸਿਆਂ ਨੂੰ ਰੋਕਣ ਲਈ ਹਰ ਸ਼ਹਰ ਵਿੱਚ ਰੇਲਵੇ ਲਾਇਨਾਂ ’ਤੇ ਓਵਰ ਜਾਂ ਅੰਡਰ ਬ੍ਰਿੱਜ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਜ਼ਿਥੇ ਧੂਰੀ ਸ਼ਹਿਰ ਦੇ ਬਾਈਪਾਸ ਸੜਕ ਤੇ ਸਥਿਤ ਧੂਰੀ-ਬਰਨਾਲਾ ਅਤੇ ਧੂਰੀ-ਮਾਲੇਰਕੋਟਲਾ ਰੇਲਵੇ ਲਾਇਨਾਂ ਉਬਪਰ ਓਵਰ ਬਰਿੱਜ ਬਣਾਇਆ ਗਿਆ ਹੈ, ਪਰ ਧੂਰੀ ਸ਼ਹਿਰ ਦੇ ਵਿਚਕਾਰ ਪੈਂਦੇ ਰੇਲਵੇ ਫਾਟਕਾਂ ਦੇ ਉਪਰ ਜਾਂ ਅੰਦਰ ਪੁਲ ਨਾ ਹੋਣ ਕਾਰਨ ਸਥਾਨਕ ਸ਼ਹਿਰ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਰੇਲਵੇ ਫਾਟਕਾਂ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕਾਂ ਨੂੰ ਆਉਣ-ਜਾਣ ਮੌਕੇ ਸ਼ਹਿਰ ਦੇ ਦੋਵੇਂ ਫਾਟਕਾਂ ’ਤੇ ਲੰਮਾ ਸਮਾਂ ਖੜ੍ਹ ਕੇ ਫਾਟਕ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਕਈ ਮਾਲ ਗੱਡੀਆਂ ਸਮੇਤ ਹੋਰ ਮੁਸਾਫਿਰ ਗੱਡੀਆਂ ਲਈ ਧੂਰੀ ਰੇਲਵੇ ਜੰਕਸ਼ਨ ਹੋਣ ਕਾਰਨ ਇਸ ਸ਼ਹਿਰ ਦੀ ਰੇਲਵੇ ਲਾਈਨਾਂ ’ਤੋਂ ਗੁਜ਼ਰਦੀਆਂ ਹਨ। ਗੱਡੀਆਂ ਦੀ ਵੱਧ ਰਹੀ ਗਿਣਤੀ ਕਾਰਨ ਦਿਨ ਅਤੇ ਰਾਤ ਨੂੰ ਫਾਟਕ ਘੱਟ ਹੀ ਖੁੱਲ੍ਹਦੇ ਹਨ। ਇਸ ਨਾਲ ਲੋਕਾਂ ਦਾ ਕੀਮਤੀ ਸਮਾਂ ਖਰਾਬ ਹੁੰਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਹਾਲਤ ’ਚ ਮਰੀਜ਼ਾਂ ਦੀ ਹਾਲਤ ਹੋਰ ਬਿਗੜ ਜਾਂਦੀ ਹੈ ਤੇ ਕਈ ਪਰਿਵਾਰਾਂ ਨੂੰ ਜਾਨੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਰੇਲਵੇ ਓਵਰ ਜਾਂ ਅੰਡਰਬ੍ਰਿੱਜ ਬਣਵਾਇਆ ਜਾਵੇ।