ਇੰਦੌਰ: ਕਰੀਬ ਤਿੰਨ ਮਹੀਨੇ ਜੇਲ੍ਹ ਵਿਚ ਬਿਤਾਉਣ ਮਗਰੋਂ ਚੂੜੀਆਂ ਵੇਚਣ ਵਾਲੇ ਤਸਲੀਮ ਅਲੀ ਨੂੰ ਹੁਣ ਜ਼ਮਾਨਤ ਮਿਲੀ ਹੈ। ਉਸ ’ਤੇ ਫ਼ਰਜ਼ੀ ਨਾਂ ਵਰਤਣ ਤੇ ਜਿਨਸੀ ਛੇੜਛਾੜ ਦਾ ਦੋਸ਼ ਲਾਇਆ ਗਿਆ ਸੀ। ਉਸ ਨੂੰ ਅੱਜ ਮੱਧ ਪ੍ਰਦੇਸ਼ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਇਸੇ ਸਾਲ ਅਗਸਤ ਵਿਚ ਅਲੀ ਨੂੰ 13 ਸਾਲਾ ਲੜਕੀ ਨਾਲ ਜਿਨਸੀ ਛੇੜਛਾੜ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦੀ ਕੁੱਟਮਾਰ ਵੀ ਕੀਤੀ ਗਈ ਸੀ। ਇੰਦੌਰ ਬੈਂਚ ਦੇ ਜਸਟਿਸ ਸੁਜੋਏ ਪਾਲ ਨੇ ਉਸ ਨੂੰ ਜ਼ਮਾਨਤ ਦਿੱਤੀ। ਅਲੀ ਦੇ ਵਕੀਲ ਏਹਤੇਸ਼ਮ ਹਾਸ਼ਮੀ ਨੇ ਮੀਡੀਆ ਨੂੰ ਕਿਹਾ, ‘ਹਾਈ ਕੋਰਟ ਵੱਲੋਂ ਮਿਲੀ ਜ਼ਮਾਨਤ ਨਾਲ ਇਕ ਵਾਰ ਮੁੜ ਸਾਬਿਤ ਹੋ ਗਿਆ ਹੈ ਕਿ ਮੁਲਕ ਵਿਚ ਸੰਵਿਧਾਨ ਹੀ ਸਭ ਤੋਂ ਉੱਪਰ ਹੈ। ਇਹ ਸੰਵਿਧਾਨ ਦੀ ਜਿੱਤ ਹੈ।’ ਹਾਸ਼ਮੀ ਨੇ ਦੋਸ਼ ਲਾਇਆ ਕਿ ਅਲੀ ਵਿਰੁੱਧ ਕੇਸ ਸਿਆਸਤ ਤੋਂ ਪ੍ਰੇਰਿਤ ਸੀ। ਸੂਬਾ ਸਰਕਾਰ ਦਾ ਇਸ ਮਾਮਲੇ ਵਿਚ ਰਵੱਈਆ ‘ਥੋੜ੍ਹਾ ਸਖ਼ਤੀ ਵਾਲਾ ਰਿਹਾ।’ ਜ਼ਮਾਨਤ ਵਿਚ ਦੇਰੀ ਹੋ ਗਈ ਕਿਉਂਕਿ ਪੁਲੀਸ ਨੇ ਸਮੇਂ ਸਿਰ ਹਾਈ ਕੋਰਟ ਵਿਚ ਕੇਸ ਡਾਇਰੀ ਪੇਸ਼ ਨਹੀਂ ਕੀਤੀ। -ਪੀਟੀਆਈ