ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਵਿਰੋਧੀ ਧਿਰ ਦੇ ਆਗੂ ਸ਼ਹਬਿਾਜ਼ ਸ਼ਰੀਫ਼ ਦਾ ਨਾਮ ‘ਉਡਾਣ ਪਾਬੰਦੀ’ ਸੂਚੀ ’ਚ ਸ਼ਾਮਲ ਕਰ ਲਿਆ ਹੈ। ਹੁਣ ਉਹ ਇਲਾਜ ਲਈ ਮੁਲਕ ਤੋਂ ਬਾਹਰ ਨਹੀਂ ਜਾ ਸਕੇਗਾ। ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ’ਚ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਹਬਿਾਜ਼ ਸ਼ਰੀਫ਼ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਜ਼ਮਾਨਤ ਮਿਲਣ ਤੋਂ ਬਾਅਦ ਸ਼ਹਬਿਾਜ਼ ਨੇ 8 ਮਈ ਨੂੰ ਲੰਡਨ ਜਾਣਾ ਸੀ ਪਰ ਸੰਘੀ ਜਾਂਚ ਏਜੰਸੀ ਦੀ ਟੀਮ ਨੇ ਉਸ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਅਤੇ ਦੱਸਿਆ ਕਿ ਉਸ ਦਾ ਨਾਮ ਆਰਜ਼ੀ ਕੌਮੀ ਪਛਾਣ ਸੂਚੀ ’ਚ ਹੈ ਜੋ ਮੁਲਕ ਛੱਡਣ ’ਤੇ ਆਰਜ਼ੀ ਰੋਕ ਲਾਉਂਦੀ ਹੈ। ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਅੱਜ ਕਿਹਾ ਕਿ ਸ਼ਹਬਿਾਜ਼ ਦਾ ਨਾਮ ਸੰਘੀ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਨਿਕਾਸੀ ਕੰਟਰੋਲ ਸੂਚੀ ’ਚ ਰੱਖਿਆ ਗਿਆ ਹੈ। -ਪੀਟੀਆਈ