ਬਲੀਆ, 1 ਮਾਰਚ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਇਸ ਵੇਲੇ ਚੱਲ ਰਹੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਛਲੀਆ’ ਬਨਾਮ ‘ਬਲੀਆ’ ਜਾਪ ਰਹੀਆਂ ਹਨ।
ਫੇਫਨ ਵਿਧਾਨ ਸਭਾ ਹਲਕੇ ਵਿਚ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਕਿਹਾ, ‘‘ਭਾਜਪਾ ਨੇ ਸੱਤਾ ਵਿਚ ਆਉਣ ’ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੀ ਆਮਦਨ ਦੁੱਗਣੀ ਹੋਈ ? ਕੀ ਕਿਸਾਨਾਂ ਨੂੰ ਖਾਦ ਮਿਲ ਰਹੀ ਹੈ? ਕੀ ਉਨ੍ਹਾਂ ਦੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀਆਂ ਜਾ ਰਹੀਆਂ ਹਨ?’’ ਉਨ੍ਹਾਂ ਕਿਹਾ, ‘‘ਬਲੀਆ ਦੇ ਲੋਕ ਜਾਣਦੇ ਹਨ ਕਿ ਭਾਜਪਾ ਨੇ ਕਿੰਨੀ ਵਾਰ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਤੁਹਾਨੂੰ ਐਨੀ ਵਾਰ ਧੋਖਾ ਦਿੱਤਾ ਹੈ ਕਿ ਇਹ ਚੋਣਾਂ ‘ਛਲੀਆ’ ਬਨਾਮ ‘ਬਲੀਆ’ ਜਾਪ ਰਹੀਆਂ ਹਨ।’’ ਸਮਾਜਵਾਦੀ ਪਾਰਟੀ ਦੇ ਮੁਖੀ ਨੇ ਦੋਸ਼ ਲਗਾਇਆ ਕਿ ਹੁਣ ਤਾਂ ਭਾਜਪਾ ਦੇ ਭਾਈਵਾਲ ਵੀ ਉਸ ਦੇ ਝੂਠਾਂ ਬਾਰੇ ਜਾਣ ਚੁੱਕੇ ਹਨ। -ਪੀਟੀਆਈ
ਯੂਪੀ ਚੋਣਾਂ: ਛੇਵੇਂ ਗੇੜ ਲਈ ਚੋਣ ਪ੍ਰਚਾਰ ਬੰਦ
ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹਲਕਾ ਗੋਰਖਪੁਰ ਸ਼ਹਿਰੀ ਸਣੇ 10 ਜ਼ਿਲ੍ਹਿਆਂ ਦੇ 57 ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਬੰਦ ਹੋ ਗਿਆ। ਇਨ੍ਹਾਂ ਹਲਕਿਆਂ ਵਿਚ ਵੋਟਿੰਗ ਵੀਰਵਾਰ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਚੱਲੇਗੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲਾ ਨੇ ਕਿਹਾ ਕਿ 57 ਵਿਧਾਨ ਸਭਾ ਹਲਕਿਆਂ ਤੋਂ 676 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਸ ਗੇੜ ਵਿਚ 2.14 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। -ਪੀਟੀਆਈ