ਨਵੀਂ ਦਿੱਲੀ, 23 ਅਗਸਤ
ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਤਹਿਤ ਅੱਜ ਬਿਹਾਰ ਤੋਂ 10 ਪਾਰਟੀਆਂ ਦਾ ਵਫ਼ਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਤੇ ਆਪਣੀ ਮੰਗ ਲਈ ਹਮਾਇਤ ਮੰਗੀ।
ਮੀਟਿੰਗ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਇਸ ਮੌਕੇ ਸਾਰੀਆਂ ਪਾਰਟੀਆਂ ਨੇ ਇਕਸੁਰ ਹੋ ਕੇ ਜਾਤ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵੱਖ ਵੱਖ ਜਾਤਾਂ ਦੇ ਅੰਕੜੇ ਇਕੱਠੇ ਹੋਣ ਨਾਲ ਲੋੜਵੰਦਾਂ ਲਈ ਵਿਕਾਸ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਬਣਾਉਣ ’ਚ ਮਦਦ ਮਿਲੇਗੀ। ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਇਹ ਮਰਦਮਸ਼ੁਮਾਰੀ ਦੇਸ਼ ਦੇ ਹਿੱਤ ’ਚ ਹੈ। ਇਹ ਇੱਕ ਇਤਿਹਾਸਕ ਕਦਮ ਹੋਵੇਗਾ ਤੇ ਇਸ ਨਾਲ ਗਰੀਬਾਂ ਤੇ ਸਮਾਜ ਦੇ ਦਬੇ ਕੁਚਲੇ ਵਰਗ ਦੇ ਲੋਕਾਂ ਦੀ ਮਦਦ ਹੋਵੇਗੀ। ਤੇਜਸਵੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਇਸ ਦੀ ਇਜਾਜ਼ਤ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਤੇ ਰੁੱਖਾਂ ਦੀ ਗਿਣਤੀ ਹੋ ਸਕਦੀ ਹੈ ਤਾਂ ਲੋਕਾਂ ਦੀ ਕਿਉਂ ਨਹੀਂ। ਜੇਕਰ ਸਰਕਾਰ ਕੋਲ ਅਬਾਦੀ ਬਾਰੇ ਕੋਈ ਵਿਗਿਆਨਕ ਅੰਕੜੇ ਹੀ ਨਹੀਂ ਹੋਣਗੇ ਤਾਂ ਉਹ ਲੋਕ ਭਲਾਈ ਦੀਆਂ ਨੀਤੀਆਂ ਕਿਵੇਂ ਤਿਆਰ ਕਰ ਸਕਦੀ ਹੈ। ਨਿਤੀਸ਼ ਨਾਲ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਹੋਰ ਵੱਡੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ ਤੇ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਆਪਣੀ ਮੰਗ ਰੱਖੀ। ਪ੍ਰਧਾਨ ਮੰਤਰੀ ਦੇ ਜਵਾਬ ਬਾਰੇ ਨਿਤੀਸ਼ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਸਾਰਿਆਂ ਦੀ ਗੱਲ ਠਰ੍ਹੰਮੇ ਨਾਲ ਸੁਣੀ ਤੇ ਉਨ੍ਹਾਂ ਦੀ ਕਿਸੇ ਗੱਲ ਤੋਂ ਇਨਕਾਰ ਨਹੀਂ ਕੀਤਾ।’ ਵਫ਼ਦ ’ਚ ਸ਼ਾਮਲ ਭਾਜਪਾ ਆਗੂ ਜਨਕ ਰਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰਿਆਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਨਿਤੀਸ਼ ਤੇ ਤੇਜਸਵੀ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਵੱਲੋਂ ਰਾਜ ਸਭਾ ’ਚ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਦੀ ਜਾਤ ਆਧਾਰਿਤ ਅੰਕੜੇ ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਨਿਤੀਸ਼ ਨੇ ਕਿਹਾ ਕਿ ਇਸ ਨਾਲ ਲੋਕਾਂ ’ਚ ਬੇਚੈਨੀ ਵਧੇਗੀ। ਪ੍ਰਧਾਨ ਮੰਤਰੀ ਵੱਲੋਂ ਮੰਗ ਖਾਰਜ ਕੀਤੇ ਜਾਣ ਸਬੰਧੀ ਸਵਾਲ ਦੇ ਜਵਾਬ ’ਚ ਨਿਤੀਸ਼ ਕੁਮਾਰ ਨੇ ਕਿਹਾ ਅਜੇ ਇਸ ਸਬੰਧੀ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਦੀ ਕੁਝ ਸਮਾਂ ਉਡੀਕ ਕਰਨੀ ਚਾਹੀਦੀ ਹੈ। ਇਸ ਮੌਕੇ ਤੇਜਸਵੀ ਨੇ ਇਹ ਮੁੱਦਾ ਚੁੱਕਣ ਲਈ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਰ ਲੋਕ ਪੱਖੀ ਫ਼ੈਸਲੇ ’ਚ ਸੂਬਾ ਸਰਕਾਰ ਦੀ ਹਮਾਇਤ ਕਰਨਗੇ। ਵਫ਼ਦ ’ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ, ਬਿਹਾਰ ਸਰਕਾਰ ਦੇ ਮੰਤਰੀ ਜਨਕ ਰਾਮ, ਮੁਕੇਸ਼ ਸਾਹਨੀ ਤੇ ਵਿਜੈ ਕੁਮਾਰ ਚੌਧਰੀ, ਵਿਧਾਨ ਸਭਾ ’ਚ ਕਾਂਗਰਸ ਦੇ ਆਗੂ ਅਜੀਤ ਸ਼ਰਮਾ, ਸੀਪੀਆਈ ਦੇ ਸੂਰਿਆਕਾਂਤ ਪਾਸਵਾਨ, ਸੀਪੀਆਈ-ਐੱਮਐੱਲ ਦੇ ਮਹਬਿੂਬ ਆਲਮ, ਏਆਈਐੱਮਆਈਐੱਮ ਦੇ ਅਖਤਰੁਲ ਇਮਾਮ ਤੇ ਸੀਪੀਆਈ-ਐੱਮ ਦੇ ਅਜੈ ਕੁਮਾਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਜਾਤ ਆਧਾਰਿਤ ਮਰਦਮਸ਼ੁਮਾਰੀ ਸਬੰਧੀ ਮਤਾ ਬਿਹਾਰ ਵਿਧਾਨ ਸਭਾ ਵੱਲੋਂ ਦੋ ਵਾਰ ਪਾਸ ਕੀਤਾ ਜਾ ਚੁੱਕਾ ਹੈ ਅਤੇ ਦੋਵੇਂ ਵਾਰ ਭਾਜਪਾ ਵਿਧਾਇਕਾਂ ਨੇ ਇਸ ਦੀ ਹਮਾਇਤ ਕੀਤੀ ਹੈ। -ਪੀਟੀਆਈ