ਵਿੱਕੀ ਬਟਾਲਾ
ਮਿਲਾਨ, 1 ਮਾਰਚ
ਯੂਕਰੇਨ ਦੇ ਸ਼ਰਨਾਰਥੀ ਇਟਲੀ ਵਿਚ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਹਨ। ਰੂਸ ਵੱਲੋਂ ਹਮਲਾ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਤੋਂ ਹੀ ਲੋਕ ਯੂਕਰੇਨ ਛੱਡ ਹੋਰਨਾਂ ਦੇਸ਼ਾਂ ਵੱਲ ਆਉਣੇ ਸ਼ੁਰੂ ਹੋ ਗਏ ਸਨ। ਇਹ ਲੋਕ ਏਮੀਲੀਆ ਰੋਮਾਨਾ, ਤਰੈਨਤੋ, ਵੇਨਤੋ ਅਤੇ ਫੋਰਲੀ ਵਨੇਸ਼ੀਆ ਜੂਲੀਆ ਵਿੱਚ ਸ਼ਰਨਾਰਥੀਆਂ ਵਜੋਂ ਰਜਿਸਟਰ ਕੀਤੇ ਗਏ ਹਨ। ਸੋਮਵਾਰ 50 ਲੋਕਾਂ ਨਾਲ ਭਰੀ ਬੱਸ ਇਟਲੀ ਦੇ ਸ਼ਹਿਰ ਤਰੀਸਤੇ ਪਹੁੰਚੀ। ਇਹ ਸ਼ਰਨਾਰਥੀ ਇਟਲੀ ਵਿੱਚ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਰਹਿਣ ਲਈ ਪੁੱਜੇ ਹਨ। ਜ਼ਿਆਦਾਤਰ ਉੱਤਰ ਵਿੱਚ ਮਿਲਾਨ, ਬਰੇਸ਼ੀਆ ਅਤੇ ਵਿਚੈਂਸਾ ਜਾ ਰਹੇ ਹਨ। ਜਦਕਿ ਕੁਝ ਰੋਮ ਵੱਲ ਜਾ ਰਹੇ ਸਨ। ਇੱਕ ਹੋਰ ਬੱਸ 40 ਦੇ ਕਰੀਬ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਸਮੇਤ ਪਿਚੈਂਸਾ ਵਿਖੇ ਪਹੁੰਚੀ ਹੈ। ਇਨ੍ਹਾਂ ਨਾਲ ਇਕ ਨੌਂ ਮਹੀਨੇ ਦਾ ਬੱਚਾ ਵੀ ਸੀ। ਇਟਲੀ ਦੀ ਗ੍ਰਹਿ ਮੰਤਰੀ ਲੂਸੀਆਨਾ ਨੇ ਕਿਹਾ ਹੈ ਕਿ ‘ਏਕਾ ਹਮੇਸ਼ਾ ਸਾਡੇ ਯੂਰੋਪੀਅਨ ਏਜੰਡੇ ਦਾ ਇੱਕ ਨਿਸ਼ਚਿਤ ਬਿੰਦੂ ਰਿਹਾ ਹੈ’ ਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਸਾਡੀ ਸਰਕਾਰ ਹਮੇਸ਼ਾ ਅੱਗੇ ਆਈ ਹੈ।