ਕੋਲਕਾਤਾ, 15 ਮਈ
ਕਲਕੱਤਾ ਹਾਈ ਕੋਰਟ ਵਿਚ ਜੱਜਾਂ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਥੇ 72 ਜੱਜਾਂ ਦੀਆਂ ਪ੍ਰਵਾਨਿਤ ਅਸਾਮੀਆਂ ਹਨ ਪਰ ਇਥੇ 39 ਜੱਜਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਕਲਕੱਤਾ ਹਾਈ ਕੋਰਟ ਵਿੱਚ ਦੋ ਲੱਖ ਤੋਂ ਵੱਧ ਕੇਸ ਪੈਂਡਿੰਗ ਹਨ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ 14 ਮਈ ਨੂੰ ਕਲਕੱਤਾ ਹਾਈ ਕੋਰਟ ਵਿਚ ਤਿੰਨ ਹੋਰ ਵਧੀਕ ਜੱਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜਿਸ ਨਾਲ ਜੱਜਾਂ ਦੀ ਗਿਣਤੀ 42 ਹੋ ਜਾਵੇਗੀ। ਇਥੇ ਜੱਜਾਂ ਦੀ ਗਿਣਤੀ ਤੁਰੰਤ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪੁਰਾਣੇ ਕੇਸਾਂ ਦੇ ਨਾਲ ਹੀ ਨਵੇਂ ਕੇਸ ਵੀ ਦਾਇਰ ਹੋ ਰਹੇ ਹਨ ਤੇ ਇਹ ਖੱਪਾ ਤਾਂ ਹੀ ਪੂਰਿਆ ਜਾ ਸਕੇਗਾ ਜੇ ਇਥੇ ਨਿਰਧਾਰਿਤ ਗਿਣਤੀ ਵਿਚ ਜੱਜ ਹੋਣਗੇ। ਇਸ ਵੇਲੇ ਕੁੱਲ 2,34,539 ਕੇਸ ਹਾਈ ਕੋਰਟ ਵਿੱਚ ਪੈਂਡਿੰਗ ਹਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਅਸ਼ੋਕ ਗਾਂਗੁਲੀ ਨੇ ਕਿਹਾ ਕਿ ਲੰਬਿਤ ਪਏ ਕੇਸਾਂ ਦੀ ਗਿਣਤੀ ਘਟਾਉਣ ਲਈ ਇਥੇ ਜੱਜਾਂ ਦੀ ਗਿਣਤੀ ਤੁਰੰਤ ਵਧਾਉਣੀ ਚਾਹੀਦੀ ਹੈ।-ਪੀਟੀਆਈ