ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਅਕਤੂਬਰ
ਮਾਛੀਵਾੜਾ ਅਨਾਜ ਮੰਡੀ ’ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਤੇ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਝੋਨਾ ਵੀ ਲਗਾਤਾਰ ਖਰੀਦਿਆ ਜਾ ਰਿਹਾ ਹੈ, ਪਰ ਖਰੀਦ ਕਰਨ ਆਈ ਐੱਫਸੀਆਈ ਏਜੰਸੀ ਨੂੰ ਆੜ੍ਹਤੀਆਂ ਨੇ ਫੜ੍ਹਾਂ ’ਚੋਂ ਬੇਰੰਗ ਮੋੜ ਦਿੱਤਾ ਅਤੇ ਕਿਹਾ ਕਿ ਜੋ ਉਨ੍ਹਾਂ ਦਾ ਪਿਛਲੇ ਕਣਕ ਦੀ ਖਰੀਦ ਜੋ ਬਕਾਇਆ ਕਮਿਸ਼ਨ ਰਹਿੰਦਾ ਹੈ, ਉਹ ਜਾਰੀ ਕੀਤਾ ਜਾਵੇ। ਆੜ੍ਹਤੀ ਐਸੋਸੀਏਸ਼ਨ ਦੇ ਆਗੂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਅਪਰੈਲ 2020 ’ਚ ਐੱਫਸੀਆਈ ਵੱਲੋਂ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਸੀ, ਪਰ ਉਸ ’ਚ ਜੋ ਆੜ੍ਹਤੀਆਂ ਦਾ ਕਮਿਸ਼ਨ ਤੇ ਬਣਦੀ ਲੇਬਰ ਹੈ, ਉਹ 19 ਲੱਖ ਦੇ ਕਰੀਬ ਬਕਾਇਆ ਹੈ। ਆੜ੍ਹਤੀਆਂ ਵੱਲੋਂ ਵਾਰ-ਵਾਰ ਲਿਖਣ ਦੇ ਬਾਵਜੂਦ ਐੱਫਸੀਆਈ ਨੇ ਕਮਿਸ਼ਨ ਜਾਰੀ ਨਹੀਂ ਕੀਤਾ ਜਿਸ ’ਤੇ ਸਮੂਹ ਆੜ੍ਹਤੀ ਵਰਗ ਵੱਲੋਂ ਫੈ਼ਸਲਾ ਕੀਤਾ ਗਿਆ ਕਿ ਜਦੋਂ ਤੱਕ ਉਕਤ ਖਰੀਦ ਏਜੰਸੀ ਕਮਿਸ਼ਨ ਜਾਰੀ ਨਹੀਂ ਕਰਦੀ ਉਦੋਂ ਤੱਕ ਇਸ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਮੰਡੀਆਂ ’ਚੋਂ ਫਸਲ ਦੀ ਖਰੀਦ ਨਹੀਂ ਕਰਨ ਦਿੱਤੀ ਜਾਵੇਗੀ। ਕੂੰਨਰ ਤੇ ਖੇੜਾ ਨੇ ਕਿਹਾ ਕਿ ਹੁਣ ਫਿਰ ਏਜੰਸੀ ਦੀ ਏਰੀਆ ਮੈਨੇਜਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਜਦੋਂ ਤੱਕ ਕਮਿਸ਼ਨ ਜਾਰੀ ਨਹੀਂ ਹੁੰਦਾ ਉਹ ਇਸ ਏਜੰਸੀ ਦੀ ਖਰੀਦ ਦਾ ਬਾਈਕਾਟ ਜਾਰੀ ਰੱਖਣਗੇ। ਉਕਤ ਆਗੂਆਂ ਨੇ ਕਿਹਾ ਕਿ ਮਾਛੀਵਾੜਾ ਅਨਾਜ ਮੰਡੀ ’ਚ ਅੱਜ ਲਿਫਟਿੰਗ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਅਦਾਇਗੀ ਸ਼ੁਰੂ ਨਹੀਂ ਹੋਈ।