ਪੱਤਰ ਪ੍ਰੇਰਕ
ਘਨੌਰ, 16 ਜੂਨ
ਕੁਲ ਹਿੰਦ ਕਿਸਾਨ ਸਭਾ ਤਹਿਸੀਲ ਰਾਜਪੁਰਾ ਦਾ 40ਵਾਂ ਡੈਲੀਗੇਟ ਇਜਲਾਸ ਪਿੰਡ ਮੰਡੌਲੀ ਵਿੱਚ ਮੋਹਨ ਸਿੰਘ ਸੋਢੀ, ਜਗਪਾਲ ਸਿੰਘ ਮੰਡੌਲੀ ਅਤੇ ਨਸ਼ਾਬਰ ਸਿੰਘ ਗੋਪਾਲਪੁਰ ਦੀ ਪ੍ਰਧਾਨਗੀ ’ਚ ਸ਼ਹੀਦ ਇੰਦਰਜੀਤ ਸਿੰਘ ਭਗੜਾਣਾ ਹਾਲ ਵਿੱਚ ਹੋਇਆ। ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮਗਰੋਂ ਤਰਸੇਮ ਚੰਦ ਅਜਰਾਵਰ ਨੇ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਗ ਮਤਾ ਪੇਸ਼ ਕੀਤਾ ਅਤੇ ਸਭਾ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਕਾਮਰੇਡ ਧਰਮਪਾਲ ਸਿੰਘ ਸੀਲ ਨੇ ਭਾਜਪਾ ਦੇ ਫਿਰਕੂ ਨੀਤੀਆਂ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਖੇਤ ਮਜ਼ਦੂਰ ਆਗੂ ਸਤਪਾਲ ਸਿੰਘ ਰਾਜੋਮਾਜਰਾ ਅਤੇ ਸੀਟੂ ਆਗੂ ਸੁਨੀਲ ਕੁਮਾਰ ਨੇ ਭਰਾਤਰੀ ਸੰਦੇਸ਼ ਦਿੱਤਾ।ਇਸ ਮੌਕੇ ਸਰਬਸੰਮਤੀ ਨਾਲ ਕੀਤੀ ਗਈ ਚੋਣ ਦੌਰਾਨ ਸਭਾ ਦਾ ਤਹਿਸੀਲ ਪ੍ਰਧਾਨ ਪ੍ਰੀਤਮ ਸਿੰਘ ਸੂਰਜਗੜ੍ਹ, ਸਕੱਤਰ ਤਰਸੇਮ ਚੰਦ ਅਜਰਾਵਰ ਅਤੇ ਖਜ਼ਾਨਚੀ ਕਰਨਵੀਰ ਸਲੇਮਪੁਰ ਨੂੰ ਚੁਣਿਆ ਗਿਆ। ਇਸ ਦੌਰਾਨ ਨਹਿਰੀ ਪਾਣੀ ਸਬੰਧੀ ਮਤਾ, ਬੇਰੁਜ਼ਗਾਰੀ ਖਤਮ ਕਰਨ, ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਪੰਜਾਬ, ਬਰਸਾਤੀ ਪਾਣੀ ਨੂੰ ਜ਼ਮੀਨਦੋਜ਼ ਕਰਨ ਲਈ ਪ੍ਰਾਜੈਕਟ ਲਗਾਉਣ ਅਤੇ ਪੰਜਾਬ ਦੀ ਵਿਗੜ ਰਹੀਂ ਅਮਨ ਕਾਨੂੰਨ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਮਤੇ ਪਾਸ ਕੀਤੇ ਗਏ।