ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਨਵੰਬਰ
ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਪ੍ਰਦੂਸ਼ਣ ਦੀ ਮਾਰ ਤੋਂ ਬੇਹਾਲ ਹੈ। ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ‘ਐਮਰਜੈਂਸੀ’ ਦੇ ਪੱਧਰ ਦੇ ਬਹੁਤ ਨੇੜੇ ਪਹੁੰਚ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ, ਮੰਦਰ ਮਾਰਗ, ਪੰਜਾਬੀ ਬਾਗ, ਪੂਸਾ, ਰੋਹਿਨੀ, ਪੱੜਪੜਗੰਜ, ਜਵਾਹਰ ਲਾਲ ਨਹਿਰੂ ਸਟੇਡੀਅਮ, ਨਜਫ਼ਗੜ੍ਹ, ਸ੍ਰੀ ਅਰੋਬਿੰਦੋ ਮਾਰਗ ਤੇ ਓਖਲਾ ਫੇਜ਼ -2 ਸਥਿਤ ਏਅਰ ਕੁਆਲਿਟੀ ਨਿਗਰਾਨੀ ਕੇਂਦਰਾਂ ’ਤੇ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 500 ਦੇ ਨੇੜੇ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਵੇਰੇ ਸਿਰਫ 300 ਮੀਟਰ ਦੀ ਦ੍ਰਿਸ਼ਟਤਾ ਸੀ। ਇਸ ਨਾਲ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਏਕਿਯੂਆਈ 487 ਸਵੇਰੇ 9 ਵਜੇ ਦਿੱਲੀ ਵਿੱਚ ਦਰਜ ਕੀਤਾ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਹਵਾ ਦੀ ਗੁਣਵੱਤਾ ਦਾ ਇੰਡੈਕਸ ਦਿੱਲੀ ਦੇ ਨੇੜਲੇ ਸ਼ਹਿਰਾਂ ਫਰੀਦਾਬਾਦ ਵਿਚ 474, ਗਾਜ਼ੀਆਬਾਦ ਵਿਚ 476, ਨੋਇਡਾ ਵਿਚ 490, ਗ੍ਰੇਟਰ ਨੋਇਡਾ ਵਿਚ 467, ਗੁਰੂਗ੍ਰਾਮ ਵਿਚ 469 ਦਰਜ ਕੀਤਾ ਗਿਆ। ਦਿੱਲੀ ਵਿੱਚ ਲਗਾਤਾਰ ਛੇਵੇਂ ਦਿਨ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ‘ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ 0 ਤੇ 50 ਦੇ ਵਿਚਕਾਰ ਏਕਿਯੂਆਈ ‘ਚੰਗਾ’ ਹੈ, 51 ਤੇ 100 ਦੇ ਵਿਚਕਾਰ ‘ਤਸੱਲੀਬਖਸ਼’ ਹੈ, 101 ਤੇ 200 ‘ਮੱਧਮ’, 201 ਤੇ 300 ‘ਮਾੜੇ’, 301 ਅਤੇ 400 ‘ਬਹੁਤ ਮਾੜੇ’ ਹਨ। 401 ਅਤੇ 500 ਦੇ ਵਿਚਕਾਰ ‘ਗੰਭੀਰ’ (ਐਮਰਜੈਂਸੀ) ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਉਸੇ ਸਮੇਂ ਦਿੱਲੀ-ਐਨਸੀਆਰ ਵਿੱਚ ਸਵੇਰੇ 8 ਵਜੇ ‘ਪੀਐਮ’2.5 ਦਾ ਪੱਧਰ 605 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ ਜੋ ਕਿ ਪ੍ਰਤੀ ਘਣ ਮੀਟਰ 60 ਮਾਈਕਰੋਗ੍ਰਾਮ ਦੀ ਸੁਰੱਖਿਅਤ ਸੀਮਾ ਤੋਂ 10 ਗੁਣਾ ਵੱਧ ਹੈ। ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਸਵੇਰੇ 7 ਵਜੇ ਪੀਐਮ 10 ਦਾ ਪੱਧਰ 777 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਗਿਆ।
ਧੂੰਏਂ ਦੀ ਸੰਘਣੀ ਪਰਤ ਨੇ ਪਾਇਆ ਵਖ਼ਤ
ਮੰਗਲਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਧੂੰਏਂ ਦੀ ਇੱਕ ਸੰਘਣੀ ਪਰਤ ਫੈਲ ਗਈ। ਇਸ ਨਾਲ ਪਾਰਦਰਸ਼ਤਾ ਵਿਚ ਕਾਫ਼ੀ ਕਮੀ ਆਈ। ਦਿੱਲੀ-ਐਨਸੀਆਰ ਦਾ ਕੋਈ ਖੇਤਰ ਅਜਿਹਾ ਨਹੀਂ ਹੈ ਜਿੱਥੇ ਹਵਾ ਪ੍ਰਦੂਸ਼ਤ ਨਾ ਹੋਵੇ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਲਾਈਵ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਅਨੁਸਾਰ ਸਭ ਤੋਂ ਖਰਾਬ ਗੁਰੂਗਰਾਮ ਦੇ ਸੈਕਟਰ 51 ਵਿਚ ਜਿੱਥੇ ਏਕਿਯੂਆਈ ਅੱਜ ਸਵੇਰੇ 8 ਵਜੇ 497 ‘ਤੇ ਪਹੁੰਚ ਗਈ। ਜਿਵੇਂ ਕਿ ਏਕਿਯੂ 500 ਪਾਰ ਹੁੰਦਾ ਹੈ ਸਥਿਤੀ ਐਮਰਜੈਂਸੀ ਸ਼੍ਰੇਣੀ ਵਿੱਚ ਆਉਂਦੀ ਹੈ।