ਸੁੱਚਾ ਸਿੰਘ ਖਟੜਾ
ਵਿਧਾਨ ਸਭਾ ਚੋਣਾਂ ਦੀ ਪਿੰਡ ਵਾਰ ਹਾਲਤ ਦਾ ਜਾਇਜ਼ਾ ਦੱਸਣ ਪੁੱਛਣ ਲਈ ਦੋਸਤ ਘਰ ਆ ਗਿਆ। ਜਾਇਜ਼ੇ ਦੌਰਾਨ ਸ਼ਹਿਰ ਨੇੜਲੇ ਪਿੰਡ ਦੀ ਵਾਰੀ ਆਈ। ਮੈਂ ਉਸ ਪਿੰਡ ਦੀ ਉਸ ਸ਼ਖ਼ਸੀਅਤ ਦਾ ਪੱਖ ਜਾਣਨਾ ਚਾਹਿਆ ਜਿਹੜੀ ਸ਼ਹਿਰ ਦੇ ਮਾਨਤਾ ਪ੍ਰਾਪਤ ਸਕੂਲ ਵਿਚ ਸਤਿਕਾਰਤ ਅਧਿਆਪਕ ਅਤੇ ਸੇਵਾ ਮੁਕਤੀ ਮਗਰੋਂ ਉਸੇ ਸਕੂਲ ਦੀ ਬ੍ਰਾਂਚ ਦੇ ਪ੍ਰਿੰਸੀਪਲ ਵਜੋਂ ਸੇਵਾ ਕਰ ਚੁੱਕੇ ਸੀ। ਦੋਸਤ ਨੇ ਦੱਸਿਆ ਕਿ ਜਿਨ੍ਹਾਂ ਦਾ ਪੱਖ ਮੈਂ ਜਾਣਨਾ ਚਾਹੁੰਦਾ ਸੀ, ਉਨ੍ਹਾਂ ਦਾ ਇਕੋ-ਇਕ ਪੁੱਤਰ ਭਰ ਜਵਾਨੀ ਵਿਚ ਜਦੋਂ ਦਾ ਸਦੀਵੀ ਵਿਛੋੜਾ ਦੇ ਗਿਆ ਹੈ, ਉਹ ਬਹੁਤਾ ਅੰਤਰ ਮੁਖੀ ਜਿਹੇ ਹੋ ਗਏ ਹਨ। ਸੁਣਦਿਆਂ ਸਾਰ ਵੋਟਾਂ ਦੇ ਜਾਇਜ਼ੇ ਬਾਰੇ ਮੇਰੀ ਰੁਚੀ ਉੱਕਾ ਹੀ ਨਾ ਰਹੀ। ਦੋਸਤ ਵੀ ਛੇਤੀ ਹੀ ਫਤਿਹ ਬੁਲਾ ਕੇ ਚਲਾ ਗਿਆ ਪਰ ਉਸ ਸ਼ਖ਼ਸੀਅਤ ਦਾ ਹਸੂੰ ਹਸੂੰ ਕਰਦਾ ਸਾਊ ਪਰ ਸੰਤੁਸ਼ਟ ਪ੍ਰਭਾਵਸ਼ਾਲੀ ਚਿਹਰਾ ਵਾਰ ਵਾਰ ਦਿਲੋ-ਦਿਮਾਗ ਵਿਚ ਆਉਣ ਤੋਂ ਨਾ ਹਟੇ। ਪਛਤਾਵਾ ਇਹ ਕਿ ਮੈਨੂੰ ਇੰਨੀ ਦੇਰ ਬਾਅਦ ਪਤਾ ਲੱਗਿਆ। ਆਖਿ਼ਰ ਫੋਨ ਉੱਤੇ ਗਲ ਕੀਤੀ। ਜੋ ਉਨ੍ਹਾਂ ਤੋਂ ਸੁਣਿਆ, ਉਸ ਤੋਂ ਉਨ੍ਹਾਂ ਨੂੰ ਮਿਲਣ ਲਈ ਮਨ ਤੜਫ ਉੱਠਿਆ।
ਕੁਝ ਦਿਨਾਂ ਬਾਅਦ ਉਨ੍ਹਾਂ ਦੇ ਘਰ ਦਾ ਗੇਟ ਜਾ ਖੜਕਾਇਆ। ਉਨ੍ਹਾਂ ਦੀ ਪਤਨੀ ਨੇ ਗੇਟ ਖੋਲ੍ਹਿਆ। ਮੈਂ ਉਨ੍ਹਾਂ ਨੂੰ ਜਾਣਦਾ ਨਹੀਂ ਸੀ। ਆਪਣਾ ਨਾਂ ਦੱਸਿਆ ਤਾਂ ਪਤਾ ਲੱਗਿਆ, ਉਹ ਮੇਰੇ ਬਾਰੇ ਜਾਣਦੇ ਹਨ। ਉਨ੍ਹਾਂ ਅੰਦਰ ਆਵਾਜ਼ ਦਿੱਤੀ। ਹੁਣ ਗ਼ਮ ਦਾ ਪਹਾੜ ਚੁੱਕੀ ਜੋੜੀ ਮੇਰੇ ਸਾਹਮਣੇ ਸੀ। ਮੈਂ ਚਾਹੁੰਦਾ ਸੀ, ਮੈਨੂੰ ਉਨ੍ਹਾਂ ਦੇ ਮਨੋਵਿਗਿਆਨ ਵਿਚ ਅਜਿਹੀ ਥਾਂ ਮਿਲ ਜਾਏ ਜਿਥੇ ਕੋਈ ਅਜਿਹੀ ਮਲ੍ਹਮ ਰੱਖ ਦਿਆਂ ਜਿਹੜੀ ਉਨ੍ਹਾਂ ਦੇ ਛਲਣੀ ਦਿਲਾਂ ਨੂੰ ਸਮੇਂ ਨਾਲ ਠੀਕ ਕਰਦੀ ਜਾਏ। ਪਤਾ ਲੱਗਿਆ, ਉਨ੍ਹਾਂ ਦੀ ਇਕੋ-ਇਕ ਧੀ ਵੀ ਹੈ ਪਰ ਉਹ ਵੀ ਪੁੱਤਰ ਵਾਂਗ ਕੈਨੇਡਾ ਹੈ ਅਤੇ ਹੁਣ ਆਪਣੀ ਵਿਧਵਾ ਭਰਜਾਈ ਤੇ ਤਿੰਨ ਸਾਲ ਦੀ ਭਤੀਜੀ ਦਾ ਆਸਰਾ ਹੈ। ਪੁੱਤਰ ਦੇ ਜਿਊਂਦਿਆਂ ਉਹ ਬੱਚਿਆਂ ਕੋਲ ਵਿਦੇਸ਼ ਜਾ ਆਉਂਦੇ ਸੀ, ਕਹਿਣ ਲੱਗੇ- ਹੁਣ ਘਰੋਂ ਜਾਣ ਲਈ ਦਿਲ ਹੀ ਨਹੀਂ ਕਰਦਾ, ਧੀ ਤਾਂ ਸਾਨੂੰ ਆਪਣੇ ਕੋਲ ਰਹਿਣ ਲਈ ਰੋਜ਼ ਫੋਨ ਕਰਦੀ ਹੈ।
ਸੋਚਦਾ ਸੀ, ਉਹ ਸ਼ਖ਼ਸੀਅਤ ਜਿਹੜੀ ਜਲੰਧਰ ਦੂਰਦਰਸ਼ਨ ਤੋਂ ਚਾਅ ਨਾਲ ਉਡੀਕੇ ਜਾਂਦੇ ਪ੍ਰੋਗਰਾਮ ਰਾਹੀਂ ਜੱਗ-ਜਹਾਨ ਨੂੰ ਮੁਖਾਤਬ ਹੁੰਦੀ ਸੀ ਅੱਜ ਆਪਣੇ ਵਿਹੜੇ ਦੇ ਖਲਾਅ ਵਿਚੋਂ ਉਹ ਕੁੁਝ ਲੱਭਣ ਵਿਚ ਗੁਆਚ ਚੁੱਕੀ ਹੈ ਜਿਸ ਦਾ ਦੋਨਾਂ ਨੂੰ ਪਤਾ ਹੈ, ਉਹ ਹੁਣ ਮਿਲੇਗਾ ਨਹੀਂ।
ਮੈ ਆਪਣੇ ਅਧਿਆਪਕ ਦੋਸਤ ਅਤੇ ਉਸ ਦੀ ਅਧਿਆਪਕ ਪਤਨੀ ਵੱਲੋਂ ਇੱਟਾਂ ਦੇ ਭੱਠੇ ਤੋਂ ਲਿਆਂਦੇ ਅਤੇ ਆਪਣੇ ਘਰ ਰੱਖ ਕੇ ਪਹਿਲੀ ਤੋਂ ਮੈਥ ਦੀ ਐੱਮਐੱਸਸੀ ਤੱਕ ਪੜ੍ਹਾਏ ਬੱਚੇ ਦੀ ਗੱਲ ਸੁਣਾਈ ਜਿਸ ਨੂੰ ਹੁਣ ਯੂਪੀਐੱਸਸੀ ਦੀ ਕੋਚਿੰਗ ਲਈ ਚੰਡੀਗੜ੍ਹ ਭੇਜਣ ਦਾ ਫੈਸਲਾ ਕਰ ਲਿਆ ਗਿਆ ਹੈ। ਮੇਰੀ ਗੱਲ ਮੁੱਕਦਿਆਂ ਉਸ ਸ਼ਖ਼ਸੀਅਤ ਨੇ ਆਪਣੀ ਪਤਨੀ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਵੀਹ ਕੁ ਸਾਲ ਪਹਿਲਾਂ ਇਨ੍ਹਾਂ ਦੀ ਤਾਇਨਾਤੀ ਘਨੌਲੀ ਲਾਗੇ ਸੀ। ਛੁੱਟੀ ਪਿੱਛੋਂ ਬੱਸ ਅੱਡੇ ਤੇ ਪੁੱਜਦਿਆਂ ਚਾਰ ਕੁ ਮਹੀਨੇ ਦਾ ਬੱਚਾ ਚੁੱਕੀ ਕੋਈ ਔਰਤ ਇਨ੍ਹਾਂ ਕੋਲ ਆਈ ਅਤੇ ਮਦਦ ਮੰਗੀ। ਇਨ੍ਹਾਂ ਨੇ ਪੈਸੇ ਉਸ ਨੂੰ ਦਿੱਤੇ। ਉਹਨੇ ਪੈਸੇ ਵਾਪਸ ਕਰ ਦਿੱਤੇ ਅਤੇ ਦੱਸਿਆ ਕਿ ਉਸ ਦਾ ਪਤੀ ਮਰ ਗਿਆ ਹੈ, ਜੇਠ ਨੇ ਉਸ ਨੂੰ ਘਰੋ ਕੱਢ ਦਿੱਤਾ ਹੈ, ਹੁਣ ਉਸ ਦਾ ਜਹਾਨ ਵਿਚ ਕੋਈ ਨਹੀਂ। ਲੱਗਦਾ ਸੀ, ਔਰਤ ਅੱਡੇ ਦੇ ਸਾਹਮਣੇ ਰੇਲਵੇ ਸਟੇਸਨ ਉੱਤੇ ਯੂਪੀ ਤੋਂ ਆਉਣ ਵਾਲੀ ਕਿਸੇ ਗੱਡੀ ਤੋਂ ਉਤਰੀ ਹੋਵੇਗੀ। ਉਧਰੋਂ ਬੱਸ ਆ ਗਈ। ਇਨ੍ਹਾਂ ਨੇ ਪਹਿਲਾਂ ਉਸ ਔਰਤ ਨੂੰ ਬੱਸ ਚੜ੍ਹਾਇਆ, ਫਿਰ ਆਪ ਚੜ੍ਹੇ ਅਤੇ ਔਰਤ ਨੂੰ ਘਰ ਲੈ ਆਏ। ਮੈਂ ਜਦੋਂ ਸਕੂਲੋਂ ਆਇਆ, ਉਸ ਔਰਤ ਬਾਰੇ ਜੋ ਇਨ੍ਹਾਂ ਨੂੰ ਪਤਾ ਸੀ, ਮੈਨੂੰ ਦੱਸ ਦਿੱਤਾ। ਮੈਨੂੰ ਇਨ੍ਹਾਂ ਦਾ ਫੈਸਲਾ ਚੰਗਾ ਲੱਗਾ। ਇਸ ਔਰਤ ਬਾਰੇ ਮੈਂ ਪਹਿਲਾਂ ਥਾਣੇ ਜਾ ਕੇ ਸੂਚਿਤ ਕੀਤਾ ਉਨ੍ਹਾਂ ਦੱਸਿਆ ਕਿ ਦੋਹਾਂ ਦੇ ਸਰਵਿਸ ਉਤੇ ਹੁੰਦਿਆਂ, ਪਿਛੋਂ ਕੁਝ ਵੀ ਵਾਪਰ ਸਕਦਾ ਸੀ। ਖ਼ੈਰ! ਦੋਹਾਂ ਨੇ ਫੈਸਲਾ ਕੀਤਾ ਕਿ ਔਰਤ ਮੁਟਿਆਰ ਹੈ, ਲੰਮਾ ਜੀਵਨ ਕੱਟਣਾ ਔਖਾ ਹੋ ਜਾਏਗਾ। ਫਿਰ ਇਕ ਲੋੜਵੰਦ ਪਰਿਵਾਰ ਮਿਲ ਗਿਆ। ਬਾਕਾਇਦਾ ਅਨੰਦ ਕਾਰਜ ਕਰਕੇ ਲੋੜੀਂਦੇ ਭਾਂਡੇ ਕੱਪੜੇ ਆਦਿ ਦੇ ਕੇ ਉਸ ਮੁਟਿਆਰ ਨੂੰ ਨਵੇਂ ਘਰ ਭੇਜ ਦਿਤਾ। ਉਥੇ ਉਸ ਦੇ ਦੋ ਪੁੱਤਰ ਹੋਰ ਹੋ ਗਏ। ਜਿਵੇਂ ਜਿਵੇਂ ਉਹ ਦੋਵੋਂ ਵੱਡੇ ਹੋਣ ਲੱਗੇ, ਸੱਸ ਸਹੁਰੇ ਨੂੰ ਨਾਲ ਆਇਆ ਮੁੰਡਾ ਬੁਰਾ ਲੱਗਣ ਲੱਗ ਪਿਆ। ਸਰਦੀਆਂ ਦੀ ਇਕ ਰਾਤ ਜ਼ਾਲਮਾਂ ਨੇ ਨਾਲ ਆਏ ਉਸ ਪੁੱਤਰ ਨੂੰ ਬਾਹਰ ਕੱਢ ਕੇ ਅੰਦਰੋਂ ਕੁੰਡੀ ਮਾਰ ਲਈ। ਅੰਦਰ ਸਾਰੀ ਰਾਤ ਮਾਂ ਦੀ ਮਮਤਾ ਤੜਫਦੀ ਰਹੀ, ਬਾਹਰ ਬੱਚਾ ਠੰਢ ਵਿਚ ਠਰਦਾ ਰਿਹਾ। ਸਵੇਰੇ ਬੱਚਾ ਨਾਲ ਲੈ ਕੇ ਉਹ ਔਰਤ ਫਿਰ ਘਰੇ ਆ ਗਈ, ਅਸੀਂ ਬੱਚਾ ਰੱਖ ਲਿਆ। ਬੱਚਾ ਪੰਜ ਜਮਾਤਾਂ ਪਾਸ ਕਰ ਚੁੱਕਾ ਸੀ। ਅਸੀਂ ਉਸ ਨੂੰ +2 ਕਰਵਾਈ। ਦੂਰਦਰਸ਼ਨ ਉਤੇ ਕੰਮ ਕਰਦਿਆਂ ਬਣੀ ਵਾਕਫੀਅਤ ਨਾਲ ਨੌਕਰੀ ਵੀ ਲਗਵਾ ਦਿੱਤਾ। ਇਸ ਦੌਰਾਨ ਔਰਤ ਦੇ ਨਵੇਂ ਪਤੀ ਦੀ ਵੀ ਮੌਤ ਹੋ ਗਈ। ਉਹ ਘਰ ਦੇ ਦੋ ਕਮਰੇ ਖੜ੍ਹੇ ਕਰ ਗਿਆ ਸੀ। ਕੈਨੇਡਾ ਬੱਚਿਆਂ ਨੂੰ ਦੱਸਿਆ, ਦੋਹਾਂ ਭੈਣ ਭਰਾਵਾਂ ਨੇ ਪੰਜਾਹ ਪੰਜਾਹ ਹਜ਼ਾਰ ਰੁਪਏ ਤੁਰੰਤ ਭੇਜ ਦਿੱਤੇ। ਬਾਕੀ ਆਪਣੇ ਕੋਲੋਂ ਪਾ ਕੇ ਖਿੜਕੀਆਂ ਦਰਵਾਜ਼ੇ ਅਤੇ ਪਖਾਨੇ ਸਮੇਤ ਮਕਾਨ ਦੀ ਤਿਆਰੀ ਕਰਵਾ ਦਿੱਤੀ। ਹੁਣ ਇਹ ਬੱਚਾ ਸਾਡੇ ਕੋਲ ਰਹਿੰਦਾ ਹੈ ਪਰ ਆਪਣੀ ਵਿਧਵਾ ਮਾਂ ਦੇ ਘਰ ਨੂੰ ਵੀ ਇਹੀ ਦੇਖਦਾ ਹੈ।
ਜਦੋਂ ਮੈਂ ਇਹ ਸੁਣ ਰਿਹਾ ਸੀ ਤਾਂ ਇਨ੍ਹਾਂ ਵਲੋਂ ਪ੍ਰਵਾਨ ਚੜ੍ਹਾਇਆ ਬੱਚਾ ਡਿਊਟੀ ਤੋਂ ਅਜੇ ਘਰ ਪਰਤਿਆ ਨਹੀਂ ਸੀ। ਉਹ ਦੱਸਦੇ ਹਨ ਕਿ ਹੁਣ ਉਹ ਉਸ ਔਰਤ ਦੇ ਦੂਜੇ ਦੋ ਪੁੱਤਰਾਂ ਵਿਚੋਂ ਵੱਡੇ ਨੂੰ ਬਾਹਰ ਭੇਜਣ ਬਾਰੇ ਸੋਚ ਰਹੇ ਹਨ। ਸਾਹਮਣੇ 13-14 ਸਾਲ ਦਾ ਮੁੰਡਾ ਕਿਤਾਬ ਪੜ੍ਹ ਰਿਹਾ ਸੀ। ਪੁੱਛਣ ਤੇ ਉਨ੍ਹਾਂ ਦੱਸਿਆ ਕਿ ਉਸ ਦੇ ਵੀ ਮਾਂ ਬਾਪ ਨਹੀਂ।
ਸੋਚਦਾ ਹਾਂ, ਜੇ ਇਨ੍ਹਾਂ ਬੱਚਿਆਂ ਦੇ ਦਿਲ-ਓ-ਦਿਮਾਗ ਵਿਚ ਅਜਿਹੀ ਸਕਰੀਨ ਉਭਰ ਆਏ ਜਿਸ ਉੱਤੇ ਇਸ ਜੋੜੀ ਅਤੇ ਇਨ੍ਹਾਂ ਦੇ ਆਪਣੇ ਉਹ ਬੁਰੇ ਦਿਨ ਦਿਸਦੇ ਰਹਿਣ ਤਾਂ ਇਨਸਾਨੀਅਤ ਦੀ ਇਸ ਵਿਰਾਸਤ ਨੂੰ ਇਹ ਵੀ ਸਾਂਭ ਲੈਣਗੇ।
ਸੰਪਰਕ: 94176-52947