ਪੱਤਰ ਪ੍ਰੇਰਕ
ਰਤੀਆ, 11 ਜੂਨ
ਥਾਣਾ ਸਿਟੀ ਪੁਲੀਸ ਨੇ ਸ਼ਹਿਰ ਦੀ ਅਰੋੜਾ ਕਲੋਨੀ ਵਿਚ ਇਕ ਵਿਵਾਦਿਤ ਪਲਾਟ ਨੂੰ ਲੈ ਕੇ ਕਰੀਬ ਇਕ ਦਰਜਨ ਲੋਕਾਂ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਸ਼ਹਿਰ ਦੇ ਵਾਰਡ ਨੰਬਰ 13 ਦੇ ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਸੰਨੀ, ਬੰਟੀ, ਵਿਕਰਮ, ਗੁਰਚਰਨ ਸਿੰਘ, ਗੁਰਚਰਨ, ਜੋਗਾ ਸਿੰਘ, ਚੰਦਰ ਕੌਰ, ਬਿੰਦਰ, ਰਮੇਸ਼, ਸ਼ੰਟੀ, ਵਿਜੇ ਅਤੇ ਦਵਿੰਦਰ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਦੁਪਹਿਰ ਉਸ ਦੇ ਅਰੋੜਾ ਕਲੋਨੀ ਸਥਿਤ ਮਕਾਨ ਦੇ ਸਾਹਮਣੇ ਉਪਰੋਕਤ ਤੋਂ ਇਲਾਵਾ ਹੋਰ ਅਣਪਛਾਤੇ ਲੋਕ ਆਏ ਅਤੇ ਘਰ ਦੇ ਸਾਹਮਣੇ ਉਨ੍ਹਾਂ ਦੇ ਪਲਾਟ ਦੀ ਚਾਰਦੀਵਾਰੀ ਨੂੰ ਤੋੜ ਕੇ ਅੰਦਰ ਵੜ ਗਏ। ਉਸ ਨੇ ਦੱਸਿਆ ਕਿ ਉਪਰੋਕਤ ਪਲਾਟ ਦਾ ਸਾਲ 2005 ਤੋਂ ਝਗੜਾ ਚੱਲ ਰਿਹਾ ਹੈ ਅਤੇ ਇਹ ਮਾਮਲਾ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ।