ਪੱਤਰ ਪ੍ਰੇਰਕ
ਪਠਾਨਕੋਟ, 15 ਅਪਰੈਲ
ਬੀਤੀ ਰਾਤ ਕੈਂਟ ਰੇਲਵੇ ਸਟੇਸ਼ਨ ਕਲੋਨੀ ਵਿੱਚ ਇੱਕ ਨੌਜਵਾਨ ਵੱਲੋਂ ਸ਼ੱਕੀ ਹਾਲਤ ਵਿੱਚ 3 ਸਾਲਾ ਬੱਚੀ ਨੂੰ ਅਗਵਾ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸੂਝਬੂਝ ਦੇ ਚਲਦੇ ਉਕਤ ਨੌਜਵਾਨ ਨੂੰ ਮੌਕੇ ’ਤੇ ਫੜ ਲਿਆ ਗਿਆ। ਨੌਜਵਾਨ ਨੂੰ ਕਾਬੂ ਕੀਤੇ ਜਾਣ ਦੇ ਤੁਰੰਤ ਬਾਅਦ ਉਸ ਨੂੰ ਕੈਂਟ ਰੇਲਵੇ ਸਟੇਸ਼ਨ ਸਥਿਤ ਜੀਆਰਪੀ ਚੌਂਕੀ ਲਿਜਾਇਆ ਗਿਆ, ਜੀਆਰਪੀ ਨੇ ਥਾਣਾ ਡਵੀਜ਼ਨ ਨੰਬਰ 2, ਦੀ ਪੁਲੀਸ ਨੂੰ ਅਗਲੀ ਕਾਰਵਾਈ ਲਈ ਸੌਂਪ ਦਿੱਤਾ। ਜਿਥੇ ਪੁਲੀਸ ਵੱਲੋਂ ਉਕਤ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਗਈ। ਉਕਤ ਨੌਜਵਾਨ ਨੂੰ ਫੜਨ ਵਾਲੇ ਗੁਆਂਢੀ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਤੇ ਗੁਆਂਢ ਵਿੱਚ ਰਹਿਣ ਵਾਲੇ ਰੇਲਵੇ ਮੁਲਾਜ਼ਮ ਦੀ 3 ਸਾਲਾ ਬੱਚੀ ਦੋਵੇਂ ਜਣੀਆਂ ਖੇਡ ਰਹੀਆਂ ਸਨ ਪਰ ਜਦ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਗੁਆਂਢੀ ਮੁਲਾਜ਼ਮ ਦੀ ਬੱਚੀ ਨੂੰ ਉਕਤ ਨੌਜਵਾਨ ਉਂਗਲੀ ਫੜ ਕੇ ਲਿਜਾ ਰਿਹਾ ਸੀ। ਜਦ ਉਸ ਨੇ ਨੌਜਵਾਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਰੋਟੀ ਖੁਆਉਣ ਲਈ ਲਿਜਾ ਰਿਹਾ ਹੈ। ਉਸ ਨੂੰ ਤੁਰੰਤ ਹੋਰ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਫੜ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ। ਥਾਣਾ ਡਵੀਜ਼ਨ ਨੰਬਰ 2, ਦੇ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਉਕਤ ਨੌਜਵਾਨ ਮੂਲ-ਰੂਪ ਤੋਂ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ।