ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 28 ਅਕਤੂਬਰ
ਸਥਾਨਕ ਮਹਾਤਮਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਐੱਸਐੱਸਪੀ ਮਾਲੇਰਕੋਟਲਾ ਡਾ. ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਚੌਕਸੀ ਜਾਗਰੂਕਤਾ ਹਫ਼ਤੇ ਦੇ ਸਬੰਧ ਵਿੱਚ ‘ਲੋਕਤੰਤਰ ਉੱਪਰ ਭ੍ਰਿਸ਼ਟਾਚਾਰ ਦੇ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।
ਰੋਟਰੀ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਅਜੇ ਜੈਨ ਨੇ ਕੀਤੀ ਅਤੇ ਐੱਸਪੀ ( ਐਚ) ਹਰਵੰਤ ਕੌਰ ਮੁੱਖ ਬੁਲਾਰੇ ਸਨ ਤੇ ਅਸਿਸਟੈਂਟ ਗਵਰਨਰ ਡਾ ਰਵਿੰਦਰ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਐੱਸਪੀ (ਐੱਚ) ਹਰਵੰਤ ਕੌਰ ਨੇ ਕਿਹਾ ਕਿ ਭ੍ਰਿਸ਼ਟਾਚਰ ਕਿਸੇ ਵੀ ਦੇਸ਼ ਦੇ ਲੋਕਤੰਤਰ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਲਈ ਸਭ ਤੋਂ ਵੱਡਾ ਖਤਰਾ ਬਣ ਚੁੱਕਿਆ ਹੈ ਅਤੇ ਜੇ ਸਮਾਜ ਦੇ ਸਾਰੇ ਵਰਗਾਂ ਨੇ ਇਕੱਠੇ ਹੋ ਕੇ ਸਰਕਾਰ ਵੱਲੋਂ ਇਸ ਵਿਰੁੱਧ ਸ਼ੂਰੂ ਕੀਤੀ ਜੰਗ ਵਿੱਚ ਯੋਗਦਾਨ ਨਾ ਪਾਇਆ ਤਾਂ ਸੂਬੇ ਅਤੇ ਦੇਸ਼ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗ ਸਕਦੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਆਪਣੇ ਸਰਕਾਰੀ ਕੰਮਾਂ ਨੂੰ ਜਲਦੀ ਅਤੇ ਚੋਰ ਰਸਤਿਆਂ ਰਾਹੀਂ ਕਰਵਾਉਣ ਦੀ ਆਦਤ ਨੂੰ ਤਿਆਗਣ ਤੇ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਵੱਲੋਂ ਰਿਸ਼ਵਤ ਦੇਣ ਲਈ ਮਜਬੂਰ ਕੀਤੇ ਜਾਣ ’ਤੇ ਉਸ ਦੀ ਸ਼ਿਕਾਇਤ ਸੀਨੀਅਰ ਅਧਿਕਾਰੀਆਂ ਕੋਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਦਫ਼ਤਰਾਂ ਦੇ ਕੰਮ ਵਿੱਚ ਪਾਰਦਰਸ਼ਤਾ ਆਉਣ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਈ ਹੈ। ਐੱਸਐੱਚਓ ਸਿਟੀ ਵਿਨਰ ਪ੍ਰੀਤ ਸਿੰਘ ਵੱਲੋਂ ਹਾਜ਼ਰ ਲੋਕਾਂ ਨੂੰ ਇਮਾਨਦਾਰੀ ਦੀ ਸਹੁੰ ਚੁਕਵਾਈ ਗਈ।
ਭ੍ਰਿਸ਼ਟਾਚਾਰ ਖਿਲਾਫ਼ ਜਾਗਰੂਕਤਾ ਰੈਲੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਐਂਡ ਸਿੰਧ ਬੈਂਕ ਸਥਾਨਕ ਬਰਾਂਚ ਵੱਲੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਖਿਲਾਫ਼ ਜਾਗਰੂਕ ਕਰਨ ਲਈ ਸ਼ਹਿਰ ’ਚ ਮੋਟਰਸਾਈਕਲ ਰੈਲੀ ਕੱਢੀ ਗਈ। ਜਿਸ ਨੂੰ ਬੈਂਕ ਦੇ ਜੀਐੱਮ ਅਸ਼ਵਨੀ ਕੁਮਾਰ ਤੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕੀਤਾ। ਰੋਸ਼ਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੂਪੀ ਕੋਹੜ ਨੂੰ ਲੋਕਾਂ ਦੇ ਸਾਥ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਅਸ਼ਵਨੀ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਵੀ ਅਦਾਰੇ ਵਿਚ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤਾਂ ਤੁਰੰਤ ਸਰਕਾਰ ਵੱਲੋਂ ਜਾਰੀ ਨੰਬਰਾਂ ਜਾਂ ਸਿੱਧੇ ਤੌਰ ਤੇ ਵਿਜੀਲੈਂਸ ਦਫਤਰ ਜਾ ਕੇ ਸ਼ਿਕਾਇਤ ਕੀਤੀ ਜਾਵੇ।