ਮੁੜਜਾ ਨਾਥਾ
ਮੁੜਜਾ ਨਾਥਾ ਮੁੜਜਾ ਘਰ ਨੂੰ
ਮਨ ਨੂੰ ਰੱਖ ਸਮਝਾ ਕੇ।
ਨਾ ਮਿਲਿਆ ਨਾ ਮਿਲਣਾ ਕੁਝ ਵੀ
ਭਟਕਣ ਦੇ ਵਿਚ ਆ ਕੇ।
ਇੰਞ ਨਾ ਕੋਈ ਜੋਗੀ ਬਣਦਾ
ਕੰਨਾਂ ਨੂੰ ਪੜਵਾ ਕੇ
ਭਗਵੇਂ ਵਸਤਰ ਚਿੱਪੀ ਚਿਮਟਾ
ਤੇੜ ਲੰਗੋਟੀ ਲਾ ਕੇ
ਅੱਜ ਤੱਕ ਘਰ ਨੂੰ ਚੱਕੀ ਫਿਰਦੈਂ
ਬੋਝੇ ਦੇ ਵਿਚ ਪਾ ਕੇ
ਐਵੇਂ ਮੰਜ਼ਲ ਭਾਲੀ ਜਾਨੈ
ਔਝੜ ਰਾਹੀਂ ਆ ਕੇ
ਮੱਛੀ ਪੱਥਰ ਚੱਟ ਕੇ ਮੁੜਦੀ
ਆਖਰ ਮੂੰਹ ਦੀ ਖਾ ਕੇ।
ਤੂੰ ਮਹਬਿੂਬ ਦੇ ਹੁਸਨ ਦੀ ਆਭਾ
ਬਗਲੀ ਪਾਈ ਫਿਰਦੈਂ
ਕੀ ਹੋਇਆ ਕੀ ਹੋਵਣ ਵਾਲਾ
ਚਿੰਤਾ ਲਾਈ ਫਿਰਦੈਂ
ਦਿਲ ਵਿਚ ਕੂੜ ਕਬਾੜ ਲਪੇਟੀ
ਭੇਸ ਵਟਾਈ ਫਿਰਦੈਂ
ਕਿਸ ਨੂੰ ਧੋਖਾ ਦਿੰਨੈ ਖ਼ੁਦ ਨੂੰ
ਭਰਮ ’ਚ ਪਾਈ ਫਿਰਦੈਂ
ਆਲਮ ਫ਼ਾਜ਼ਲ ਬਣ ਨਾ ਹੋਵੇ,
ਪੰਡ ਕਿਤਾਬਾਂ ਚਾ ਕੇ।
ਜੇਕਰ ਕਾਂਗਾਂ ਚੜ੍ਹੀਆਂ ਹੋਵਣ
ਲੁਕ ਜਾਣਾ ਹੀ ਚੰਗਾ
ਨੇਰ੍ਹੀ ਝੱਖੜ ਅੱਗੇ ਰੁੱਖ ਦਾ
ਝੁਕ ਜਾਣਾ ਹੀ ਚੰਗਾ
ਜੇ ਤੁਰਿਆਂ ਮਨ ਭਟਕੀ ਜਾਵੇ
ਰੁਕ ਜਾਣਾ ਹੀ ਚੰਗਾ
ਫਲ ਫੁੱਲ ਛਾਂ ਨਾ ਦੇਵੇ ਰੁੱਖ ਦਾ
ਸੁੱਕ ਜਾਣਾ ਹੀ ਚੰਗਾ
ਅੰਬ ਦਾ ਰਸ ਨਾ ਚੱਖਿਆ ਜਾਵੇ
ਅੱਕ ਧਤੂਰਾ ਖਾ ਕੇ।
ਰੀਝਾਂ ਵਾਲੀ ਗੁੱਡੀ ਦੀ ਨਾ
ਡੋਰੀ ਵੱਢੀ ਜਾਵੇ
ਕੌਲ ਕਰਾਰ ਤੇ ਦੁਨੀਆਦਾਰੀ
ਇੰਜ ਨਾ ਛੱਡੀ ਜਾਵੇ
ਨਾ ਸੱਜਣਾ ਦੀ ਯਾਦ ਵੇ ਨਾਥਾ
ਦਿਲ ’ਚੋਂ ਕੱਢੀ ਜਾਵੇ
ਚੱਤੇ ਪਹਿਰਾਂ ਰੇਜ਼ਾ ਰੇਜ਼ਾ
ਰੂਹ ਨੂੰ ਵੱਢੀ ਜਾਵੇ
ਫਿਰ ਨੀ ਜਾਂਦੇ ਇਕ ਵਾਰੀ ਜੋ
ਬਹਿ ਜਾਣ ਡੇਰਾ ਲਾ ਕੇ
ਪਾਗਲਪਣ ਜਾਂ ਕੋਈ ਸਮਰਪਣ
ਕੁਝ ਵੀ ਹੈਨੀ ਪੱਲੇ
ਕਿਹੜੇ ਮੂੰਹ ਨਾਲ ਨਾਥ ਜੀ ਦੱਸੋ
ਸੱਜਣਾਂ ਦੇ ਵੱਲ ਚੱਲੇ
ਵੇਂਹਦੇ ਹੀ ਦਰ ਭੇੜ ਲੈਣਗੇ
ਸੱਜਣ ਪਹਿਲੇ ਹੱਲੇ
ਇਸ਼ਕ ਦੀ ਬਾਜ਼ੀ ਜਿੱਤਣ ਜਿਹੜੇ
ਹੋਵਣ ਝੱਲ ਵਲੱਲੇ
ਇੰਞ ਨਾ ਵਣਜ ਕਮਾਏ ਜਾਂਦੇ
ਹਉਂ ਦੇ ਟਿੱਬੇ ਲਾ ਕੇ।
ਸੰਪਰਕ: 98726-40994
ਮਾਵਾਂ
ਕੁਲਵਿੰਦਰ ਸਿੰਘ ਮਲੋਟ
ਮਾਵਾਂ
ਬੱਚਿਆਂ ਦੇ ਸਿਰਾਂ ਨੂੰ
ਵਾਹੁੰਦਿਆਂ, ਰੜਕਾਂ ਕੱਢਦਿਆਂ
ਆਪਣੀਆਂ ਦੁਸ਼ਵਾਰੀਆਂ ਨੂੰ
ਦੂਰ ਹੁੰਦੇ ਦੇਖਦੀਆਂ।
ਵਾਲਾਂ ਨੂੰ ਗੁੰਦਦੀਆਂ
ਉਹ ਕੋਈ ਸੁਪਨੇ ਸੰਜੋਦੀਆਂ।
ਬੱਚਿਆਂ ਨੂੰ
ਤਿਆਰ ਕਰਕੇ, ਪਿਆਰ ਕਰਕੇ
ਘਰੋਂ ਤੋਰਦਿਆਂ
ਤੁਸੀਂ ਉਨ੍ਹਾਂ ਦੀਆਂ ਅੱਖਾਂ ’ਚ
ਤੈਰਦਾ ਕੋਈ ਜਾਦੂ ਦੇਖਿਆ ਹੈ?
ਪਰ ਜਦ ਕੋਈ ਉਨ੍ਹਾਂ ਦਾ
ਦਰਦ ਨਾ ਜਾਣੇ
ਆਵਾਜ਼ ਨਾ ਪਹਿਚਾਣੇ
ਨਾ ਬਣੇ ਡੰਗੋਰੀ
ਨਾ ਬਣੇ ਕੋਈ ਅੱਖਾਂ ਦੀ ਰੌਸ਼ਨੀ
ਤਾਂ ਮਾਵਾਂ ਦੇ ਮਹਿਜ਼ ਸੁਪਨੇ ਹੀ ਦਫ਼ਨ ਨਹੀਂ ਹੁੰਦੇ।
ਦਫ਼ਨ ਹੋ ਜਾਂਦੀਆਂ ਨੇ ਉਹ ਆਪ
ਤੇ ਘਰ ’ਚ ਫਿਰਦੀਆਂ
ਜਿਉਂਦੀਆਂ ਲਾਸ਼ਾਂ ਬਣ ਜਾਂਦੀਆਂ।
ਇਹ ਮਾਵਾਂ ਹੀ ਤਾਂ ਨੇ
ਜੋ ਕਦੇ ਸੁਪਨੇ ਲੈਣੇ ਬੰਦ ਨਹੀਂ ਕਰਦੀਆਂ
ਉਮੀਦਾਂ ਸੰਗ ਜਿਉਂਦੀਆਂ ਰਹਿੰਦੀਆਂ।
ਜਿਉਂਦੀਆਂ ਰਹਿਣ ਯੁਗੋ-ਯੁੱਗ!!
ਸੰਪਰਕ: 98760-64576