ਸਿੱਖਿਆ ਦਾ ਸਫ਼ਰ
6 ਜੂਨ ਨੂੰ ਅਵਿਜੀਤ ਪਾਠਕ ਦਾ ਲੇਖ ‘ਸਿੱਖਿਆ: ਕਿੱਤੇ ਤੋਂ ਧੰਦੇ ਦਾ ਸਫ਼ਰ’ ਪੜ੍ਹਿਆ। ਮੰਡੀ ਦੇ ਇਸ ਯੁੱਗ ’ਚ ਹਰ ਚੀਜ਼ ਵਿਕ ਰਹੀ ਹੈ। ਨਿੱਜੀਕਰਨ ਅਤੇ ਉਦਾਰੀਕਰਨ ਨੇ ਵਿੱਦਿਆ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਖੋਜ, ਅਧਿਆਪਨ ਅਤੇ ਚਿੰਤਨ ਦੇ ਖੇਤਰ ਵਿਚ ਨਿਘਾਰ ਆਇਆ ਹੈ। ਕਾਰਪੋਰੇਟਾਂ ਅਤੇ ਸਿਆਸਤਦਾਨਾਂ ਦੀ ਜੈ ਜੈਕਾਰ ਅਤੇ ਉਨ੍ਹਾਂ ਦੇ ਮਹਿਮਾ-ਮੰਡਨ ਵਿਚ ਅਸੀਂ ਆਪਣਾ ਅਧਿਆਪਕ ਅਤੇ ਵਿਦਿਆਰਥੀ ਗੁਆ ਰਹੇ ਹਾਂ। ਇਹ ਦੌਰ ਵਿਦਿਆਰਥੀਆਂ ਤੇ ਅਧਿਆਪਕ ਦੇ ਪਤਨ ਦਾ ਦੌਰ ਹੈ। ਇਨ੍ਹਾਂ ’ਚੋਂ ਤਰਕ, ਸੰਵੇਦਨਾ, ਸੁਹਿਰਦਤਾ ਅਤੇ ਵਿਗਿਆਨਕ ਸੋਚ ਘਟ ਰਹੀ ਹੈ। ਮਨੁੱਖੀ ਸਭਿਅਤਾ ਦੇ ਵਿਕਾਸ ਦੀ ਗਤੀ ਅਨੁਸਾਰ ਵਿਗਿਆਨਕ ਸੋਝੀ ਅਤੇ ਸਮਝ ਵਿਕਸਿਤ ਹੋਣਾ ਲਾਜ਼ਮੀ ਹੁੰਦੀ ਹੈ ਪਰ ਭਾਰਤ ’ਚ ਇਸ ਵਿਕਾਸ ਦੀ ਗਤੀ ਧੀਮੀ ਹੀ ਨਹੀਂ, ਪੁੱਠੇ ਪੈਰੀਂ ਤੁਰਦੀ ਜਾਪਦੀ ਹੈ।
ਡਾ. ਹਰਪ੍ਰੀਤ ਸਿੰਘ, ਹੁਸ਼ਿਆਰਪੁਰ
ਭਗਤ ਸਿੰਘ ਅਤੇ ਬੀਕੇ ਦੱਤ ਦੇ ਖ਼ਤ ਬਾਬਤ
15 ਜੂਨ ਦੇ ਨਜ਼ਰੀਆ ਪੰਨੇ ਉੱਤੇ 14 ਜੁਲਾਈ 1929 ਦੇ ਅੰਗਰੇਜ਼ੀ ਟ੍ਰਿਬਿਊਨ ਤੋਂ ਜਿਸ ਖ਼ਬਰ ਰੂਪ ਵਿਚ ਛਪੇ ਭਗਤ ਸਿੰਘ ਅਤੇ ਬੀਕੇ ਦੱਤ ਦਾ ਪੰਜਾਬੀ ਅਨੁਵਾਦ ਮੈਂ ਪੇਸ਼ ਕੀਤਾ ਹੈ, ਉਹ ਬੇਸ਼ੱਕ ਅੰਗਰੇਜ਼ੀ ਟ੍ਰਿਬਿਊਨ ਵਿਚ 14 ਜੁਲਾਈ ਦੇ ਅੰਕ ਦਾ ਪਹਿਲਾ ਪੰਜਾਬੀ ਅਨੁਵਾਦ ਹੀ ਹੈ ਪਰ ਇਹ ਖ਼ਤ ਇਨ ਬਿੰਨ 25 ਜੁਲਾਈ ਦੇ ਲਾਹੌਰ ਦੇ ਹਫ਼ਤਾਵਾਰੀ ‘ਦਿ ਪੀਪਲ’ ਵਿਚ ਵੀ ਛਪਿਆ ਸੀ ਜਿਸ ਦਾ ਪੰਜਾਬੀ ਤਰਜਮਾ ਅਮਰਜੀਤ ਚੰਦਨ ਨੇ 1974 ਵਿਚ ਪੰਜਾਬੀ ਵਿਚ ਛਪੇ ਭਗਤ ਸਿੰਘ ਦੀਆਂ ਲਿਖਤਾਂ ਦੇ ਸਭ ਤੋਂ ਪਹਿਲੇ ਸੰਗ੍ਰਹਿ ਵਿਚ ਸ਼ਾਮਿਲ ਹੈ। ‘ਲਿਖਤਾਂ: ਸ਼ਹੀਦ ਭਗਤ ਸਿੰਘ ਅਤੇ ਸਾਥੀ’ ਪਹਿਲੀ ਵਾਰ 23 ਮਾਰਚ 1974 ਨੂੰ ਬਲਰਾਜ ਸਾਹਨੀ ਯਾਦਗਾਰੀ ਘਰੇਲੂ ਪੁਸਤਕਮਾਲਾ ਅੰਮ੍ਰਿਤਸਰ ਵੱਲੋਂ ਗੁਰਸ਼ਰਨ ਸਿੰਘ ਭਾਅ ਜੀ ਨੇ ਛਾਪੀ ਸੀ ਅਤੇ ਸੰਪਾਦਕ ਚੰਦਨ ਨੇ ਸੰਪਾਦਕ ਵਜੋਂ ਆਪਣਾ ਨਾਂ ਉਦੋਂ ਜ਼ਾਹਿਰ ਨਹੀਂ ਕੀਤਾ ਸੀ।
ਚਮਨ ਲਾਲ, ਪਟਿਆਲਾ
ਸਿੱਖਿਆ ਬਨਾਮ ਅਧਿਆਪਕ
13 ਜੂਨ ਦੇ ਮਿਡਲ ‘ਕਾਗਜ਼ ਦੇ ਟੁਕੜੇ’ ਵਿਚ ਸੁੱਚਾ ਸਿੰਘ ਖੱਟੜਾ ਦੇ ਕਾਗਜ਼ ਦੇ ਟੁਕੜੇ ਦਾ ਭਾਵ ਹੈ ਕਿ ਪੰਜਾਬ ਦੇ ਕਿਸੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਨੇ 2008 ਤਕ ਇਹ ਨਹੀਂ ਦੇਖਿਆ ਕਿ ਅੰਗਰੇਜ਼ੀ ਅਧਿਆਪਕ ਦੀ ਸਿੱਖਿਆ ਮਹਿਕਮੇ ਵਿਚ ਕੋਈ ਅਸਾਮੀ ਹੈ ਹੀ ਨਹੀਂ। ਸਮਾਜਿਕ ਸਿੱਖਿਆ ਅਧਿਆਪਕ ਹੀ ਅੰਗਰੇਜ਼ੀ ਪੜ੍ਹਾਉਂਦੇ ਸਨ ਜਿਨ੍ਹਾਂ ਵਿਚੋਂ ਅੱਧਿਉਂ ਵੱਧ ਨੇ ਬੀਐੱਡ ਵਿਚ ਅੰਗਰੇਜ਼ੀ ਪੜ੍ਹਾਉਣ ਵਾਲਾ ਵਿਸ਼ਾ ਨਹੀਂ ਸੀ ਲਿਆ ਹੁੰਦਾ, ਕਈਆਂ ਨੇ ਬੀਏ ਵਿਚ ਇਲੈਕਟਿਵ ਨਹੀਂ, ਜਨਰਲ ਅੰਗਰੇਜ਼ੀ ਹੀ ਪੜ੍ਹੀ ਹੁੰਦੀ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਕਾਗਜ਼ ਦੇ ਟੁਕੜੇ’ ਪੜ੍ਹ ਕੇ ਸਿੱਖਿਆ ਦੇ ਖੇਤਰ ਵਿਚ ਪਏ ਵਿਗਾੜ ਅਤੇ ਉਸ ਨੂੰ ਸੁਧਾਰਨ ਵਾਲੇ ਪਾਸੇ ਕੀਤੇ ਗਏ ਕਾਰਜ ਬਾਰੇ ਪਤਾ ਲੱਗਿਆ। ਆਪਣੇ ਵਿਸ਼ੇ ਦੀ ਥਾਂ ਹੋਰ ਵਿਸ਼ਿਆਂ ਵਿਚ ਪੜ੍ਹਾਉਣਾ ਹਰ ਅਧਿਆਪਕ ਦੇ ਹਿੱਸੇ ਆਇਆ ਹੈ ਜੋ ਸਮਾਜ ਵਿਚ ਮਾੜੀ ਵਿਵਸਥਾ ਪੈਦਾ ਕਰਦਾ ਹੈ। ਸਕੂਲਾਂ ਵਿਚ ਆਪਣੇ ਵਿਸ਼ੇ ਦੀ ਮੁਹਾਰਤ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਵਿਸ਼ਿਆਂ ਨੂੰ ਪੜ੍ਹਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।
ਮਨਮੋਹਨ ਸਿੰਘ, ਨਾਭਾ
ਇਤਿਹਾਸ ਬਦਲੀ
11 ਜੂਨ ਦੇ ਸੰਪਾਦਕੀ ‘ਇਤਿਹਾਸ ਦੀ ਸਹੀ ਪੇਸ਼ਕਾਰੀ’ ਵਿਚ ਮੌਜੂਦਾ ਦੌਰ ਵਿਚ ਜਿਸ ਤਰ੍ਹਾਂ ਦੇਸ਼ ਦਾ ਇਤਿਹਾਸ ਬਦਲਣ ਦੀ ਕਵਾਇਦ ਕੀਤੀ ਜਾ ਰਹੀ ਹੈ, ਉਸ ਬਾਰੇ ਦੱਸਿਆ ਹੈ। ਇਤਿਹਾਸ ਦੀ ਆਪਣੀ ਮਹੱਤਤਾ ਹੁੰਦੀ ਹੈ, ਇਸ ਨੂੰ ਮਿਥਿਹਾਸ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਇਤਿਹਾਸ ਰਚਨਾ ਡੂੰਘੀ ਖੋਜ, ਅਧਿਐਨ ਤੇ ਮਿਹਨਤ ਦਾ ਕੰਮ ਹੁੰਦਾ ਹੈ। ਇਤਿਹਾਸਕਾਰਾਂ ਨੂੰ ਇਹ ਕਹਿ ਕੇ ਨਹੀਂ ਭੰਡਣਾ ਚਾਹੀਦਾ ਕਿ ਉਨ੍ਹਾਂ ਸਿਰਫ਼ ਵਿਸ਼ੇਸ਼ ਤਬਕਾ ਦਾ ਇਤਿਹਾਸ ਲਿਖਣ ਨੂੰ ਅਹਿਮੀਅਤ ਦਿੱਤੀ ਹੈ। ਇਤਿਹਾਸਕਾਰ ਆਪਣੇ ਅਧਿਐਨ ਦੌਰਾਨ ਜੋ ਤੱਥ ਪ੍ਰਾਪਤ ਕਰਦਾ ਹੈ, ਉਸ ਅਨੁਸਾਰ ਹੀ ਇਤਿਹਾਸ ਸਿਰਜਦਾ ਹੈ।
ਦਵਿੰਦਰ ਸਿੰਘ ਮੀਆਂਵਿੰਡ, ਈਮੇਲ
ਖਰਾ ਸਿੱਕਾ
11 ਜੂਨ ਨੂੰ ‘ਖੋਟਾ ਸਿੱਕਾ ਖਰਾ’ (ਵਿਪਨ ਕੁਮਾਰ) ਲੇਖ ਪੜ੍ਹਿਆ। ਅਕਸਰ ਅਜਿਹਾ ਵਾਪਰਦਾ ਹੈ ਕਿ ਜਦੋਂ ਕੋਈ ਅਜਿਹਾ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਦਾਖਲ ਹੋਣ ਆਉਂਦਾ ਹੈ, ਅਧਿਆਪਕ ਉਸ ਨੂੰ ਦਾਖ਼ਲ ਕਰਨ ਤੋਂ ਕਤਰਾਉਂਦੇ ਹਨ। ਉਹ ਉਸ ਨੂੰ ਓਪਨ ਪ੍ਰਣਾਲੀ ਜਾਂ ਪ੍ਰਾਈਵੇਟ ਤੌਰ ’ਤੇ ਪੜ੍ਹਨ ਦੀ ਸਲਾਹ ਦਿੰਦੇ ਹਨ। ਮੈਂ ਵੀ ਅਧਿਆਪਨ ਨਾਲ ਜੁੜਿਆ ਹਾਂ। ਬਹੁਤ ਦੁੱਖ ਲੱਗਦਾ ਹੈ ਜਦੋਂ ਕਿਸੇ ਵਿਦਿਆਰਥੀ ਨੂੰ ਸਕੂਲ/ਕਾਲਜ ਵਿਚ ਦਾਖ਼ਲੇ ਤੋਂ ਇਨਕਾਰ ਕੀਤਾ ਜਾਂਦਾ ਹੈ, ਇੰਝ ਲਗਦਾ ਜਿਵੇਂ ਕਿਸੇ ਨੂੰ ਵਿੱਦਿਆ ਹਾਸਲ ਕਰਨ ਤੋਂ ਰੋਕਿਆ ਜਾ ਰਿਹਾ ਹੋਵੇ। ਕਈ ਵਾਰ ਘਰੇਲੂ ਹਾਲਾਤ ਜਾਂ ਕੋਈ ਹੋਰ ਮਜਬੂਰੀਆਂ ਕਾਰਨ ਪੜ੍ਹਾਈ ਛੁੱਟ ਜਾਂਦੀ ਹੈ, ਅਜਿਹੇ ਬੱਚੇ ਪੜ੍ਹਨ ਲਾਇਕ ਹਨ ਜਾਂ ਪੜ੍ਹਨਾ ਚਾਹੁੰਦੇ ਹਨ ਤਾਂ ਵਕਫ਼ੇ ਵਰਗੇ ਬੇਲੋੜੇ ਅੜਿੱਕੇ ਕਿਉਂ ਡਾਹੁਣੇ? ਕਈ ਵਾਰ ਅਧਿਆਪਕ ਕਿਸੇ ਹੋਰ ਨਜ਼ਰੀਏ ਤੋਂ ਸੋਚ ਕੇ ਦਾਖ਼ਲੇ ਤੋਂ ਇਨਕਾਰ ਕਰ ਦਿੰਦੇ ਹਨ ਪਰ ‘ਫੈਲੇ ਵਿੱਦਿਆ ਚਾਨਣ ਹੋਏ’ ਦੇ ਨਾਅਰੇ ਨੂੰ ਬੁਲੰਦ ਕਰਨਾ ਹਰ ਅਧਿਆਪਕ ਦਾ ਫਰਜ਼ ਹੈ।
ਪੂਨਮ ਬਿਲਿੰਗ, ਈਮੇਲ