ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 11 ਜੂਨ
ਕੋਟਕਪੂਰੇ ਦੇ ਮਸ਼ਹੂਰ ਗਾਇਨੀ ਹਸਪਤਾਲ ’ਤੇ ਇਕ ਔਰਤ ਦਾ ਗਰਭਪਾਤ ਕਰਨ ਦੇ ਦੋਸ਼ ਲੱਗੇ ਹਨ। ਔਰਤ ਦੇ ਪਤੀ ਸਾਹਿਬ ਚੰਦ ਸ਼ਰਮਾ ਪੁੱਤਰ ਜਗਦੀਪ ਚੰਦ ਸ਼ਰਮਾ ਸਰਪੰਚ ਬਾਦੀਆ ਕੋਟਭਾਈ ਜ਼ਿਲ੍ਹਾ ਸ਼੍ਰੀਮੁਕਤਸਰ ਸਾਹਿਬ ਦੀ ਸ਼ਿਕਾਇਤ ’ਤੇ ਹੀਨਾ ਸ਼ਰਮਾ ਉਸਦੇ ਪਿਤਾ ਵੇਦ ਪ੍ਰਕਾਸ਼ ਸ਼ਰਮਾ ਤੇ ਭਾਜਪਾ ਦੀ ਸਾਬਕਾ ਆਗੂ ਬਿਮਲਾ ਸ਼ਰਮਾ ਵਾਸੀ ਆਨੰਦ ਨਗਰ, ਗਲੀ ਨੰ. 1 ਨਜ਼ਦੀਕ ਰੇਲਵੇ ਫਾਟਕ ਕੋਟਕਪੂਰਾ ਤੇ ਡਾ. ਰਮਿੰਦਰ ਕੌਰ ਨਾਰੰਗ ਮਾਲਕ ਰਮਿੰਦਰ ਨਰਸਿੰਗ ਹੋਮ ਕੋਟਕਪੂਰਾ ਖ਼ਿਲਾਫ਼ ਧਾਰਾ 312/120 ਬੀ ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਆਰੰਭੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਬ ਚੰਦ ਸ਼ਰਮਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦੀ ਸ਼ਾਦੀ ਹੀਨਾ ਸ਼ਰਮਾ ਨਾਲ ਪਿਛਲੇ ਸਾਲ 19 ਜਨਵਰੀ ਨੂੰ ਹੋਈ ਸੀ। ਇਸ ਦੌਰਾਨ ਹੀਨਾ ਗਰਭਵਤੀ ਹੋ ਗਈ। ਦੋਵਾਂ ਵਿਚਕਾਰ ਆਪਸੀ ਅਣਬਣ ਹੋਣ ਕਰਕੇ ਹੀਨਾ ਆਪਣੇ ਮਾਪਿਆਂ ਦੇ ਕਹਿਣ ’ਤੇ ਦਸ ਤੋਲੇ ਸੋਨਾ, 20 ਹਜ਼ਾਰ ਨਗਦ ਲੈ ਕੇ ਕੋਟਕਪੂਰਾ ਆਪਣੇ ਮਾਪਿਆਂ ਕੋਲ ਰਹਿਣ ਲੱਗ ਪਈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਹੀਨਾ ਦੇ ਮਾਪਿਆਂ ਤੇ ਭਰਾ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦਾ ਲਾਲਚ ਦਿੱਤਾ ਗਿਆ ਤੇ ਇਸ ਦੌਰਾਨ ਮੁਲਜ਼ਮਾਂ ਨੇ ਬਿਨਾਂ ਉਸਦੀ ਸਹਿਮਤੀ ਤੋਂ ਡਾ. ਰਮਿੰਦਰ ਨਾਰੰਗ ਹਸਪਤਾਲ ਮੋਗਾ ਰੋਡ ਕੋਟਕਪੂਰਾ ’ਚ ਹੀਨਾ ਸ਼ਰਮਾ ਦਾ ਗਰਭਪਾਤ ਕਰਵਾ ਦਿੱਤਾ।
ਸ਼ਿਕਾਇਤ ’ਤੇ ਥਾਣਾ ਕੋਟਭਾਈ ’ਚ ‘ਜ਼ੀਰੋ’ ਨੰਬਰ ਐੱਫਆਈਆਰ ਦਰਜ ਕਰਕੇ ਇਸ ਦੀ ਤਫ਼ਤੀਸ਼ ਲਈ ਸਿਟੀ ਪੁਲੀਸ ਕੋਟਕਪੂਰਾ ਨੂੰ ਭੇਜ ਦਿੱਤੀ ਹੈ। ਜਦੋਂ ਇਸ ਸਬੰਧੀ ਪੱਤਰਕਾਰਾਂ ਦੀ ਟੀਮ ਹਸਪਤਾਲ ਦੀ ਡਾਕਟਰ ਰਮਿੰਦਰਜੀਤ ਕੌਰ ਨਾਰੰਗ ਕੋਲ ਗਈ ਤਾਂ ਉਸਨੇ ਮੀਡੀਆ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਗਾਂਧੀ ਜੋ ਰਮਿੰਦਰ ਨਾਰੰਗ ਦੇ ਪਤੀ ਹਨ, ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਕੇਸ ਦੀ ਜਾਂਚ ਸਬੰਧੀ ਕੋਈ ਲਿਖਤੀ ਆਦੇਸ਼ ਨਹੀਂ ਪਹੁੰਚੇ ਜਿਸ ਕਰਕੇ ਉਹ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ।
ਇਸ ਮਹਿਲਾ ਡਾਕਟਰ ’ਤੇ ਆਪਣੀ ਸਰਕਾਰੀ ਨੌਕਰੀ ਦੇ ਕਾਰਜਕਾਲ ਦੌਰਾਨ ਵੀ ਕਈ ਸਾਲ ਪਹਿਲਾਂ ਗਰਭਪਾਤ ਕਰਨ ਦੇ ਦੋਸ਼ ਲੱਗੇ ਸੀ। ਤਤਕਾਲੀਨ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ ਵੱਲੋਂ ਇਸ ਮਹਿਲਾ ਡਾਕਟਰ ’ਤੇ ਉਸ ਸਮੇਂ ਗਰਭਪਾਤ ਕਰਨ ਦਾ ਕੇਸ ਦਰਜ ਕਰਵਾਇਆ ਗਿਆ ਸੀ।