ਪੱਤਰ ਪ੍ਰੇਰਕ
ਤਲਵਾੜਾ, 19 ਮਾਰਚ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਇਕਾਈ ਤਲਵਾੜਾ ਵੱਲੋਂ ਸਾਥੀ ਸ਼ਿਵ ਕੁਮਾਰ ਦੀ ਅਗਵਾਈ ਹੇਠ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਆਏ ਦਿਨ ਹੋ ਰਹੇ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਅਤੇ ਰਾਜ ਸਰਕਾਰ ਤੋਂ ਮਹਿੰਗਾਈ ਨੂੰ ਨੱਥ ਪਾਉਣ ਲਈ ਜ਼ਰੂਰੀ ਕਦਮ ਉਠਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਨਾਇਬ ਤਹਿਸੀਲਦਾਰ ਤਲਵਾੜਾ ਨੂੰ ਸੌਂਪਿਆ। ਆਰਐੱਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗਿਆਨ ਸਿੰਘ ਗੁਪਤਾ ਨੇ ਕਿਹਾ ਕਿ ਡੀਜ਼ਲ-ਪੈਟਰੋਲ ਕਿਸੇ ਵੀ ਮੁਲਕ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪਰ ਤੇਲ ਕੀਮਤਾਂ ’ਚ ਵਾਧਾ ਮਹਿੰਗਾਈ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸ ਮੌਕੇ ਕਿਸਾਨ ਆਗੂ ਕੁੰਦਨ ਲਾਲ, ਪ੍ਰਿੰ. ਉਪਦੇਸ਼ ਕੁਮਾਰ ਆਦਿ ਨੇ ਸਥਾਨਕ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਸਮਰਥਨ ’ਚ 26 ਮਾਰਚ ਨੂੰ ਭਾਰਤ ਬੰਦ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।