ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਅਕਤੂਬਰ
ਜ਼ਿਲ੍ਹਾ ਪੁਲੀਸ ਮੁਹਾਲੀ ਨੇ ਪ੍ਰੀਤ ਫਗਵਾੜਾ ਨਾਮੀਂ ਗੈਂਗਸਟਰ ਦੀ ਨਿਸ਼ਾਨਦੇਹੀ ’ਤੇ ਨਾਜਾਇਜ਼ ਅਸਲਾ ਬਰਾਮਦ ਕਰ ਕੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਅੱਜ ਸ਼ਾਮ ਇੱਥੇ ਮੁਹਾਲੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕੁਰਾਲੀ ਇਲਾਕੇ ਵਿੱਚ ਲੁੱਟ-ਖੋਹ ਦੀ ਵਾਰਦਾਤ ਦੀ ਤਫ਼ਤੀਸ਼ ਦੌਰਾਨ ਮਿਲੇ ਸੁਰਾਗ ਨੂੰ ਆਧਾਰ ਬਣਾ ਕੇ ਮੁਹਾਲੀ ਪੁਲੀਸ ਨੇ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਲਿਆਂਦਾ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ 3 ਪਿਸਤੌਲਾਂ ਸਮੇਤ 75 ਕਾਰਤੂਸ ਬਰਾਮਦ ਕੀਤੇ।
ਐੱਸਐੱਸਪੀ ਨੇ ਦੱਸਿਆ ਕਿ ਗੈਂਗਸਟਰ ਪ੍ਰੀਤ ਫਗਵਾੜਾ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਸਾਲ 2014 ਵਿੱਚ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋਇਆ ਸੀ। ਉਹ ਗੈਂਗਸਟਰ ਸੁੱਖਾ ਕਲਾਵਾਂ ਗਰੁੱਪ ਲਈ ਕੰਮ ਕਰਦਾ ਸੀ ਅਤੇ ਗਰੁੱਪ ਦੀ ਫੇਸਬੁੱਕ ਆਈਡੀ ਵੀ ਚਲਾਉਂਦਾ ਸੀ। ਪੁਲੀਸ ਅਨੁਸਾਰ ਸੁੱਖਾ ਕਲਾਵਾਂ ਦੀ ਮੌਤ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੋਹ ਵਿੱਚ ਸ਼ਾਮਲ ਹੋ ਗਿਆ। ਉਸ ਨੇ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਜੱਗੂ ਦੇ ਨੇੜਲੇ ਸਾਥੀ ਅੰਕੁਲ ਖੱਤਰੀ ਨੂੰ ਨਵਾਂ ਸ਼ਹਿਰ ਪੇਸ਼ੀ ਦੌਰਾਨ ਪੁਲੀਸ ਹਿਰਾਸਤ ’ਚੋਂ ਭਜਾਇਆ ਸੀ। ਉਸ ਨੇ ਜੇਲ੍ਹ ’ਚੋਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਸੁਖੀ ਬਿਧੀਪੁਰੀਆ ਦੇ ਕਤਲ ਦੀ ਵੀ ਕਕਿਤ ਤੌਰ ’ਤੇ ਵਿਉਂਤਬੰਦੀ ਕੀਤੀ ਸੀ। ਹਥਿਆਰ ਮਿਲਣ ਤੋਂ ਬਾਅਦ ਕੁਰਾਲੀ ਸਿਟੀ ਥਾਣੇ ਵਿੱਚ ਨਵੇਂ ਸਿਰਿਓਂ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਏਟੀਐਮ ਨੂੰ ਗੈਸ ਕਟਰ ਨਾਲ ਕੱਟਣ ਦੀ ਕੋਸ਼ਿਸ਼
ਬਨੂੜ (ਪੱਤਰ ਪ੍ਰੇਰਕ): ਇਥੋਂ ਦੇ ਗੁੱਗਾ ਮਾੜੀ ਗਰਾਊਂਡ ਨੇੜੇ ਯੂਕੋ ਬੈਂਕ ਦੇ ਏਟੀਐੱਮ ਦੇ ਗੈਸ ਕਟਰ ਨਾਲ ਕੱਟਣ ਦੀ ਕੋੋਸ਼ਿਸ਼ ਕੀਤੀ ਗਈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਘਟਨਾ ਤੜਕੇ ਢਾਈ ਵਜੇ ਦੇ ਕਰੀਬ ਵਾਪਰੀ। ਘਟਨਾ ਨੂੰ ਕਾਰ ਵਿੱਚ ਆਏ ਚਾਰ ਨੌਜਵਾਨਾਂ ਨੇ ਅੰਜਾਮ ਦਿੱਤਾ, ਜਿਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੇ ਮੂੰਹ ਢਕੇ ਹੋਏ ਸਨ। ਘਟਨਾ ਬਾਰੇ ਬੈਂਕ ਮੈਨੇਜਰ ਨੂੰ ਸਵੇਰੇ ਸਾਢੇ ਨੌਂ ਵਜੇ ਉਦੋਂ ਪਤਾ ਲੱਗਿਆ ਜਦੋਂ ਉਹ ਬੈਂਕ ਵਿੱਚ ਆਏ। ਉਨ੍ਹਾਂ ਦੱਸਿਆ ਕਿ ਮਸ਼ੀਨ ਅੰਦਰ ਪਈ ਰਾਸ਼ੀ ਸੁਰੱਖਿਅਤ ਹੈ। ਫੁਟੇਜ ਅਨੁਸਾਰ ਨੌਜਵਾਨ ਅੱਧਾ ਘੰਟਾ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹੇ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।