ਬੀਰਬਲ ਰਿਸ਼ੀ
ਸ਼ੇਰਪੁਰ, 19 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ 22ਵੇਂ ਜੱਥੇ ’ਚ ਸ਼ੁਮਾਰ ਦੋ ਦਰਜ਼ਨ ਕਿਸਾਨ ਅੱਜ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਦੀ ਲੜਾਈ ਲੜ ਰਹੇ ਸੰਘਰਸ਼ਸੀਲ ਕਿਸਾਨਾਂ ਦੇ ਹੱਕ ਵਿੱਚ ਰਵਾਨਾਂ ਹੋਏ। ਇਸ ਸਬੰਧੀ ਲਿਖਤੀ ਤੌਰ ਤੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਡਾਕਟਰ ਰਣਜੀਤ ਸਿੰਘ ਅਤੇ ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਜੰਗ-ਏ-ਆਜ਼ਾਦੀ ਦੀ ਮਹਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਐਲਾਨੇ ਸਮਾਗ਼ਮਾਂ ਵਿੱਚ ਸ਼ਿਰਕਤ ਕਰਨ ਲਈ ਦੋ ਪਿੰਡ ਟਿੱਬਾ ਤੇ ਗੁਰਬਖ਼ਸ਼ਪੁਰਾ ਦਾ ਇਹ ਜੱਥਾ ਗਿਆ ਹੈ।
ਉਧਰ ‘ਹੋਪ ਫਾਰ ਮਹਿਲ ਕਲਾਂ’ ਦੇ ਕੁਲਵੰਤ ਸਿੰਘ ਨੇ 26 ਮਾਰਚ ਦੇ ਭਾਰਤ ਬੰਦ ਦੀ ਹਮਾਇਤ ਕਰਦਿਆਂ ਕਿਹਾ ਕਿ ਬੰਦ ਦੀ ਹਮਾਇਤ ਲਈ ਸੰਸਥਾ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੂਕ ਕਰੇਗੀ। ਇਸ ਮੌਕੇ ਜਥੇਬੰਦੀ ਦੇ ਬਲਾਕ ਆਗੁ ਚਰਨਜੀਤ ਸਿੰਘ, ਜਸਮੇਲ ਸਿੰਘ, ਸੁਖਦੇਵ ਸਿੰਘ, ਸਿੰਗਾਰਾ ਸਿੰਘ ਸਾਬਕਾ ਸਰਪੰਚ, ਈਸ਼ਰ ਸਿੰਘ, ਕਰਮਜੀਤ ਸਿੰਘ ਧਾਲੀਵਾਲ, ਸੁਖਵਿੰਦਰ ਗੰਡੇਵਾਲ, ਹਰਬੰਸ ਗੰਡੇਵਾਲ, ਬਲੌਰ ਸਿੰਘ, ਮਾੜੂ ਸਿੰਘ, ਪਿਆਰਾ ਸਿੰਘ, ਜੱਗੀ ਸਿੰਘ, ਪ੍ਰਿਤਪਾਲ ਸਿੰਘ ਆਦਿ ਆਗੂ ਹਾਜ਼ਰ ਸਨ।
ਸਿੰਘੂ ਬਾਰਡਰ ਲਈ ਸ਼ੰਭੂ ਬੈਰੀਅਰ ਤੋਂ ਸੈਂਕੜੇ ਵਾਲੰਟੀਅਰ ਰਵਾਨਾ
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਕੁਲਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜਦੂਰ ਯੂਨੀਅਨ ਅਤੇ ਹੋਰਨਾਂ ਅਵਾਮੀ ਜਥੇਬੰਦੀਆਂ ਦੇ ਸੈਂਕੜੇ ਵਾਲੰਟੀਅਰਾਂ ਦਾ ਜਥਾ ਕੁਲਹਿੰਦ ਕਿਸਾਨ ਸਭਾ ਦੇ ਕੌਂਮੀ ਆਗੂ ਪਿੱਜੂ ਕ੍ਰਿਸ਼ਨਾ, ਸੂਬਾਈ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ, ਧਰਮਪਾਲ ਸਿੰਘ ਸੀਲ, ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ, ਵਿਕਰਮ ਸਿੰਘ ਅਤੇ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਦੀ ਅਗਵਾਈ ਵਿੱਚ ਸਿੰਘੂ ਬਾਰਡਰ ਵਿਚ 23 ਮਾਰਚ ਨੂੰ ਕਿਸਾਨ ਅੰਦੋਲਨ ਦੌਰਾਨ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼ੰਭੂ ਬੈਰੀਅਰ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਵਿੱਚ ਅੱਜ ਸਵੇਰੇ ਖਟਕੜ ਕਲਾਂ ਤੋਂ ਚਲੇ ਜਥੇ ਦਾ ਸ਼ੰਭੂ ਬੈਰੀਅਰ ਵਿਖੇ ਪੁੱਜਣ ’ਤੇ ਵੱਡੀ ਗਿਣਤੀ ਜਨਤਕ ਜਥੇਬੰਦੀਆਂ ਦੇ ਵਾਲੰਟੀਅਰਜ਼ ਦੁਆਰਾ ਸਵਾਗਤ ਕੀਤਾ ਗਿਆ।