ਪੱਤਰ ਪ੍ਰੇਰਕ
ਮੋਰਿੰਡਾ, 17 ਜੁਲਾਈ
ਪਿੰਡ ਚਲਾਕੀ ਦੇ ਖੇਤਾਂ ਵਿੱਚ ਖੜ੍ਹੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਦੋਵੇਂ ਪਿੰਡ ਚਲਾਕੀ ਅਤੇ ਡੂਮਛੇੜੀ ਦੀਆਂ ਗ੍ਰਾਮ ਪੰਚਾਇਤਾਂ ਅਤੇ ਜ਼ਮੀਨ ਮਾਲਕਾਂ ਦੀ ਸਹਿਮਤੀ ਬਣ ਗਈ ਹੈ। ਇਸ ਸਬੰਧੀ ਮੀਟਿੰਗ ਤਹਿਸੀਲਦਾਰ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਹੋਈ। ਹੁਣ ਕੱਚੇ ਰਸਤੇ ਨੂੰ ਆਰਜ਼ੀ ਤੌਰ ’ਤੇ ਪੁੱਟ ਕੇ ਖੇਤਾਂ ਵਿੱਚ ਖੜ੍ਹੇ ਬਰਸਾਤੀ ਪਾਣੀ ਨੂੰ ਬਾਹਰ ਕੱਢਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਛੇ ਮਹੀਨੇ ਪਹਿਲਾਂ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਪਰ ਸੁਣਵਾਈ ਨਹੀਂ ਹੋਈ। ਇਸ ਕਾਰਨ ਜਿਹੜੇ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਝੋਨਾ ਲਗਾਇਆ ਸੀ, ਉਨ੍ਹਾਂ ਦਾ ਇਸ ਪਾਣੀ ਕਾਰਨ ਨੁਕਸਾਨ ਹੋ ਗਿਆ। ਪਿੰਡ ਡੂਮਛੇੜੀ ਦੇ ਕਿਸਾਨ ਜਗਮੋਹਨ ਸਿੰਘ, ਇਕਬਾਲ ਸਿੰਘ ਡੂਮਛੇੜੀ ਤੇ ਹੋਰਨਾਂ ਨੇ ਕਿਹਾ ਕਿ ਦੋਵਾਂ ਪਿੰਡਾਂ ਦੇ ਕਿਸਾਨਾਂ ਵਿੱਚ ਇਸ ਗੱਲ ਦੀ ਸਹਿਮਤੀ ਬਣੀ ਹੈ ਕਿ ਆਰਜ਼ੀ ਤੌਰ ’ਤੇ ਪਿੰਡ ਤਾਜਪੁਰਾ ਨੂੰ ਜਾਣ ਵਾਲੇ ਕੱਚੇ ਰਸਤੇ ਰਾਹੀਂ ਬਿਨਾਂ ਕੋਈ ਪੁਲੀ ਦੱਬਿਆ ਪਾਣੀ ਕੱਢਿਆ ਜਾਵੇਗਾ ਅਤੇ ਬਰਸਾਤ ਦਾ ਮੌਸਮ ਖ਼ਤਮ ਹੋਣ ਉਪਰੰਤ ਇਸ ਰਸਤੇ ਵਿੱਚ ਪਏ ਕੱਟਾਂ ਨੂੰ ਭਰਿਆ ਜਾਵੇਗਾ। ਤਹਿਸੀਲਦਾਰ ਸੰਜੀਵ ਕੁਮਾਰ ਨੇ ਕਿਹਾ ਕਿ ਦੋਵਾਂ ਪਿੰਡਾਂ ਵਿਚਕਾਰ ਤਣਾਅ ਖ਼ਤਮ ਕਰਨ ਲਈ ਕੱਚੇ ਰਸਤੇ ’ਤੇ ਆਰਜ਼ੀ ਕੱਟ ਲਗਾ ਕੇ ਬਰਸਾਤੀ ਪਾਣੀ ਕੱਢਿਆ ਜਾਵੇਗਾ।