ਗੁਰਿੰਦਰ ਸਿੰਘ
ਲੁਧਿਆਣਾ, 22 ਅਗਸਤ
ਸੰਸਥਾ ਜਵੱਦੀ ਟਕਸਾਲ ਵਿੱਚ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਬਾਬਾ ਸੁੱਚਾ ਸਿੰਘ ਦੀ 19ਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੇਖ-ਰੇਖ ਹੇਠ 27 ਅਗਸਤ ਤੱਕ ਕੀਤੇ ਜਾ ਰਹੇ ਹਨ, ਜਿਸ ਦੀ ਆਰੰਭਤਾ 15 ਅਗਸਤ ਤੋਂ ਹੁਣ ਤੱਕ ਨਿਰੰਤਰ ਨਾਮ ਸਿਮਰਨ ਦੇ ਸਮਾਗਮਾਂ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਅੱਜ ਇਕ ਮੀਟਿੰਗ ਉਪਰੰਤ ਬਾਬਾ ਅਮੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਸੀ ਸਮਾਗਮਾਂ ਦੇ ਵਿਸ਼ੇਸ਼ ਦੀਵਾਨ 25 ਤੋਂ 27 ਅਗਸਤ ਤੱਕ ਵੱਡੇ ਪੱਧਰ ’ਤੇ ਸਜਾਏ ਜਾਣਗੇ। ਸਾਹਿਬ ਜੀ ਦੇ ਭੋਗ ੳਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਭਾਈ ਅਮਨਦੀਪ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਾਰ) ਤੇ ਭਾਈ ਜੋਗਿੰਦਰ ਸਿੰਘ ਰਿਆੜ ਕੀਰਤਨ ਕਰਨਗੇ। ਉਪਰੰਤ ਦੁਪਹਿਰ ਸੰਤ ਸਮਾਗਮ ਹੋਣਗੇ, ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸਖ਼ਸ਼ੀਅਤਾਂ, ਸਿੰਘ ਸਾਹਿਬਾਨ ਸੰਤ ਮਹਾਂਪੁਰਖ, ਮਹਾਨ ਕੀਰਤਨੀਏ ਅਤੇ ਢਾਡੀ ਜਥਾ ਗਿਆਨੀ ਤਰਲੋਚਨ ਸਿੰਘ ਭੁਮੱਦੀ ਢਾਡੀ ਵਾਰਾਂ ਪੇਸ਼ ਕਰਨਗੇ।