ਰੌਸੇਯੂ (ਡੋਮੀਨਿਕਾ), 15 ਜੁਲਾਈ
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਦੇ ਸੈਂਕੜਿਆਂ ਅਤੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਿਵਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਹੀ ਮੇਜ਼ਬਾਨ ਵੈਸਟ ਇੰਡੀਜ਼ ਨੂੰ ਇੱਕ ਪਾਰੀ ਅਤੇ 141 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ 2 ਟੈਸਟ ਮੈਚਾਂ ਲੜੀ ’ਚ ਇੱਕ 1-0 ਦੀ ਲੀਡ ਹਾਸਲ ਕਰ ਲਈ ਹੈ। ਯਸ਼ਸਵੀ ਜੈਸਵਾਲ ਨੂੰ ਆਪਣੇ ਪਹਿਲੇ ਹੀ ਮੈਚ ਵਿੱਚ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਬਦਲੇ ‘ਮੈਨ ਆਫ ਦਿ ਮੈਚ ਚੁਣਿਆ ਗਿਆ। ਲੜੀ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਪੋਰਟ ਆਫ ਸਪੇਨ ’ਚ 20 ਜੁਲਾਈ ਤੋਂ ਖੇਡਿਆ ਜਾਵੇਗਾ। ਮੈਚ ਦੌਰਾਨ ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿੱਚ 150 ਦੌੜਾਂ ਬਣਾ ਕੇ ਆਊਟ ਹੋ ਗਈ ਸੀ, ਜਿਸ ਵਿੱਚ ਐਲਿਕ ਅਥਾਨਜ਼ੇ ਨੇ ਸਭ ਤੋਂ ਵੱਧ 47 ਦੌੜਾਂ ਦਾ ਯੋਗਦਾਨ ਪਾਇਆ ਸੀ। ਪਹਿਲੀ ਪਾਰੀ ’ਚ ਅਸ਼ਿਵਨ ਨੇ ਭਾਰਤ ਵੱਲੋਂ ਸਭ ਤੋਂ ਵੱਧ 5 ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ ’ਚ ਭਾਰਤ ਨੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀਆਂ 171 ਦੌੜਾਂ, ਰੋਹਿਤ ਸ਼ਰਮਾ ਦੀਆਂ 103 ਦੌੜਾਂ, ਵਿਰਾਟ ਕੋਹਲੀ ਦੀਆਂ 76 ਤੇ ਰਵਿੰਦਰ ਜਡੇਜਾ ਦੀਆਂ ਨਾਬਾਦ 37 ਦੌੜਾਂ ਸਦਕਾ ਪਹਿਲੀ ਪਾਰੀ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 421 ਦੌੜਾਂ ਦਾ ਬਣਾਉਂਦਿਆਂ ਪਾਰੀ ਐਲਾਨ ਦਿੱਤੀ ਸੀ। ਪਹਿਲੀ ਪਾਰੀ ਦੇ ਆਧਾਰ ’ਤੇ ਭਾਰਤ ਨੇ ਮੇਜ਼ਬਾਨ ਟੀਮ ਤੋਂ 271 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਇਸ ਮਗਰੋਂ ਵੈਸਟ ਇੰਡੀਜ਼ ਦੇ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਆਰ. ਅਸ਼ਿਵਨ ਦੀ ਫਿਰਕੀ ਗੇਂਦਬਾਜ਼ੀ ਅੱਗੇ ਬੇਵੱਸ ਨਜ਼ਰ ਆਏ ਤੇ ਪੂਰੀ ਟੀਮ 130 ਦੌੜਾਂ ’ਤੇ ਹੀ ਆਊਟ ਹੋ ਗਈ। ਟੀਮ ਦੇ ਪੰਜ ਬੱਲੇ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੇ। ਦੂਜੀ ਪਾਰੀ ’ਚ ਅਸ਼ਿਵਨ ਨੇ 71 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੂੰ ਦੋ ਵਿਕਟਾਂ ਮਿਲੀਆਂ ਜਦਕਿ ਇੱਕ ਵਿਕਟ ਮੁਹੰਮਦ ਸਿਰਾਜ ਦੇ ਹਿੱਸੇ ਆਈ। ਅਸ਼ਿਵਨ ਨੇ ਦੋਵਾਂ ਪਾਰੀਆਂ ਵਿੱਚ 12 ਵਿਕਟਾਂ ਹਾਸਲ ਕੀਤੀਆਂ। ਅਸ਼ਿਵਨ ਨੇ 33ਵੀਂ ਵਾਰ ਇੱਕ ਪਾਰੀ ਵਿੱਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ। -ਏਐੱਨਆਈ