ਰਵਿੰਦਰ ਰਵੀ
ਬਰਨਾਲਾ, 14 ਮਈ
ਸ਼ਹਿਰ ਦੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਨੂੰ ਜਾਅਲਸ਼ਾਜੀ ਤਹਿਤ ਹੜੱਪਣ ਦੇ ਦੋਸ਼ ਤਹਿਤ ਪੁਲੀਸ ਨੇ ਕੇਸ ਦਰਜ ਕਰਕੇ ਵਸੀਕਾ ਨਵੀਸ ਸੁਭਾਸ਼ ਕੁਮਾਰ ਤੇ ਉਸ ਦੇ ਪੁੱਤਰ ਧੀਰਜ ਕੁਮਾਰ ਸਣੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਸੰਗਰੂਰ ਵੱਲੋਂ ਕੀਤੀ ਸ਼ਿਕਾਇਤ ’ਤੇ 22 ਅਪਰੈਲ 2022 ਨੂੰ ਹਰਵਿੰਦਰ ਸਿੰਘ ਵਾਸੀ ਮਾਨਾ ਪੱਤੀ, ਪਿੰਡ ਠੀਕਰੀਵਾਲਾ, ਸੁਖਦੇਵ ਸਿੰਘ ਵਾਸੀ ਢਿੱਲੋਂ ਪੱਤੀ ਪਿੰਡ ਠੀਕਰੀਵਾਲਾ, ਕੁਲਦੀਪ ਸਿੰਘ ਨੰਬਰਦਾਰ ਵਾਸੀ ਠੀਕਰੀਵਾਲਾ, ਚਰਨਜੀਤ ਸਿੰਘ ਮਹਿਲ ਨਗਰ ਬਰਨਾਲਾ, ਗੁਰਚਰਨ ਕੌਰ ਵਾਸੀ ਠੀਕਰੀਵਾਲਾ, ਸਿਮਰਜੀਤ ਸਿੰਘ ਵਾਸੀ ਤੁੰਗਵਾਲੀ (ਬਠਿੰਡਾ), ਵਕੀਲ ਰਜਨੀ ਕੌਰ ਬਰਨਾਲਾ ਤੇ ਕੁਲਵਿੰਦਰ ਸਿੰਘ ਵਾਸੀ ਠੀਕਰੀਵਾਲਾ ਖ਼ਿਲਾਫ਼ ਜਾਅਲਸ਼ਾਜੀ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਦੇ ਵਡੇਰੇ ਗੁਰਮੁਖ ਸਿੰਘ ਖੇਵਟਦਾਰ ਬਰਨਾਲਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ। ਇਸੇ ਤਰ੍ਹਾਂ ਦੂਜੇ ਹਿੱਸੇਦਾਰ ਅਜੀਤ ਸਿੰਘ ਤੇ ਹਰੀ ਸਿੰਘ ਦੀ ਵੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਸ਼ਿਕਾਇਤਕਰਤਾ ਰਣਜੀਤ ਸਿੰਘ ਦੀ ਪਤਨੀ ਅੰਚਲਾ ਰੁਪਾਲ ਵਾਰਸ ਸੀ। ਮੁਲਜ਼ਮਾਂ ਨੇ ਜਾਅਲਸ਼ਾਜੀ ਤਹਿਤ 28 ਫਰਵਰੀ 2022 ਨੂੰ ਬੈਨਾਮਾ ਨੰ. 5285 ਤੋਂ ਤਬਾਦਲਾ ਨਾਮਾ 182 ਸਬ ਰਜਿਸਟਰਾਰ ਬਰਨਾਲਾ ’ਚ ਤਸਦੀਕ ਕਰਵਾ ਲਿਆ। ਡੀਐੱਸਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ’ਚ ਐਸਆਈਟੀ ਟੀਮ ਨੇ ਕੁਲਵਿੰਦਰ ਸਿੰਘ ਵਾਸੀ ਠੀਕਰੀਵਾਲਾ, ਨਰਦੇਵ ਸਿੰਘ ਵਾਸੀ ਠੀਕਰੀਵਾਲਾ ਵਸੀਕਾ ਨਵੀਸ ਸੁਭਾਸ ਕੁਮਾਰ ਵਾਸੀ ਬਰਨਾਲਾ ਤੇ ਉਸ ਦੇ ਪੁੱਤਰ ਧੀਰਜ ਕੁਮਾਰ ਨੂੰ ਪੜਤਾਲ ’ਚ ਦੋਸ਼ੀ ਪਾਇਆ ਗਿਆ।