ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ ਵਿਚ ਸਾਲ 2020 ਵਿਚ ਹੋਏ ਦੰਗਿਆਂ ਦੌਰਾਨ ਇੱਕ ਬਿਰਧ ਦੇ ਕਤਲ ਕੇਸ ਦੇ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਦੋ ਮੁਲਜ਼ਮਾਂ ਅਰੁਣ ਕੁਮਾਰ ਅਤੇ ਰਵੀ ਕੁਮਾਰ ਦੀਆਂ ਜ਼ਮਾਨਤ ਮਨਜ਼ੂਰ ਕਰ ਲਈ ਹੈ ਜਦੋਂਕਿ ਤੀਜੇ ਵਿਸ਼ਾਲ ਸਿੰਘ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਮੁਲਜ਼ਮਾਂ ਖ਼ਿਲਾਫ਼ ਦਿੱਲੀ ਦੇ ਭਜਨਪੁਰਾ ਪੁਲੀਸ ਸਟੇਸ਼ਨ ਵਿਚ ਦਰਜ 85 ਸਾਲਾ ਅਕਬਰੀ ਬੇਗਮ ਦੇ ਕਤਲ ਕੇਸ ਵਿੱਚ ਮੁਲਜ਼ਮ ਹਨ। ਇਸਤਗਾਸਾ ਪੱਖ ਦੇ ਅਨੁਸਾਰ ਭਜਨਪੁਰਾ ਵਾਸੀ ਅਕਬਰੀ ਬੇਗਮ ਦੇ ਘਰ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਵੀ ਦੋਸ਼ ਲਾਇਆ ਗਿਆ ਸੀ ਕਿ ਘਰ ਦੇ ਬਾਕੀ ਮੈਂਬਰ ਆਪਣੀ ਜਾਨ ਬਚਾਉਣ ਲਈ ਛੱਤ ’ਤੇ ਜਾ ਚੜ੍ਹੇ ਸਨ। ਬੇਗਮ ਆਪਣੀ ਵੱਡੀ ਉਮਰ ਕਾਰਨ ਦੂਜੀ ਮੰਜ਼ਿਲ ਦੇ ਕਮਰੇ ਵਿਚੋਂ ਪੌੜੀ ਰਾਹੀਂ ਉੱਪਰ ਨਾ ਜਾ ਸਕੇ ਜਿਸ ਕਾਰਨ ਦਮ ਘੁਟਣ ਕਰ ਕੇ ਉਸ ਦੀ ਮੌਤ ਹੋ ਗਈ। ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਕਤਲ ਦੇ ਨਾਲ ਡਕੈਤੀ ਅਤੇ ਦੰਗਾ ਕਰਨਾ ਸ਼ਾਮਲ ਹੈ। ਪੁਲੀਸ ਨੇ ਇਸ ਕੇਸ ਵਿਚ ਛੇ ਜਣਿਆਂ ਅਰੁਣ ਕੁਮਾਰ, ਵਰੁਣ ਕੁਮਾਰ, ਵਿਸ਼ਾਲ ਸਿੰਘ, ਰਵੀ ਕੁਮਾਰ, ਪ੍ਰਕਾਸ਼ ਚੰਦ ਅਤੇ ਸੂਰਜ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ