ਮਨੋਜ ਸ਼ਰਮਾ
ਬਠਿੰਡਾ, 17 ਫਰਵਰੀ
ਇੰਡੀਅਨ ਨੈਸ਼ਨਲ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ 50 ਵਿੱਚੋਂ 43 ਸੀਟਾਂ ਹਾਸਲ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ ਜਦੋਂਕਿ ਅਕਾਲੀ ਦਲ ਦੇ 7 ਉਮੀਦਵਾਰ ਹੀ ਜਿੱਤ ਸਕੇ ਹਨ। ਜ਼ਿਕਰਯੋਗ ਹੈ ਕਿ 53 ਸਾਲਾਂ ਵਿੱਚ ਪਹਿਲੀ ਵਾਰ ਬਠਿੰਡਾ ਦਾ ਮੇਅਰ ਕਾਂਗਰਸ ਪਾਰਟੀ ਨਾਲ ਸਬੰਧਤ ਹੋਵੇਗਾ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਿਛਲੀ ਭਾਈਵਾਲ ਪਾਰਟੀ ਭਾਜਪਾ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦਬਦਬਾ ਬਣਾਇਆ ਹੋਇਆ ਸੀ। ਬਠਿੰਡਾ ਜ਼ਿਲ੍ਹੇ ਅੰਦਰ ਪਾਰਟੀ ਵੱਲੋਂ 85 ਫ਼ੀਸਦੀ ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ, “ਸਮਾਂ ਬਦਲ ਗਿਆ ਹੈ। ਬਠਿੰਡਾ ਨੇ ਇਤਿਹਾਸ ਦਾ ਪੰਨਾ ਪਲਟ ਦਿੱਤਾ ਹੈ।” ਅਕਾਲੀ ਦਲ ਨੇ ਸਿਰਫ਼ 7 ਸੀਟਾਂ ਹਾਸਲ ਕੀਤੀਆਂ ਹਨ ਜਦੋਂਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ। ਬਠਿੰਡਾ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਾਂਗਰਸ ਨੂੰ ਵੋਟਾਂ ਪਾ ਕੇ ਸਹੀ ਫ਼ੈਸਲਾ ਕਰਨ ਲਈ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਇਹ ਕਾਂਗਰਸ ਦੀ ਜਿੱਤ ਹੈ। ਇਹ ਚੋਣ ਨਤੀਜੇ ਉਨ੍ਹਾਂ ਹੱਥਠੋਕਿਆਂ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ ਜੋ ਭਾਰਤੀ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗਾਂ ਨੂੰ ਲਗਾਤਾਰ ਨਿਸ਼ਾਨੇ ਬਣਾ ਰਹੇ ਹਨ।’
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ਸ਼ਹਿਰ ਦੇ ਕੁੱਲ 33 ਵਾਰਡਾਂ ਵਿੱਚ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲਾਂਕਿ ਅਕਾਲੀ ਦਲ ਨੂੰ ਇੱਥੋਂ 4 ਤੋਂ 6 ਸੀਟਾਂ ਜਿੱਤਣ ਦੀ ਪੂਰੀ ਉਮੀਦ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਵਿਧਾਇਕ ਪਿੰਕੀ ਨੇ ਆਪਣੇ ਸਮਰਥਕਾਂ ਦੇ ਨਾਲ ਪੈਦਲ ਮਾਰਚ ਕਰ ਕੇ ਲੋਕਾਂ ਦਾ ਧੰਨਵਾਦ ਕੀਤਾ।
ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਸ਼ਹਿਰ ਨਗਰ ਕੌਂਸਲ ਚੋਣਾਂ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਅਤੇ ਗੁੰਡਾਗਰਦੀ ਹੋਈ ਹੈ ਤੇ ਇਹ ਉਸਦਾ ਹੀ ਨਤੀਜਾ ਹੈ। ਕਸਬਾ ਮੁੱਦਕੀ ਵਿੱਚ ਅਕਾਲੀ ਦਲ ਨੇ ਕੁੱਲ 13 ਸੀਟਾਂ ਵਿੱਚੋਂ ਅੱਠ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਪੰਜ ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ। ਮਮਦੋਟ ’ਚ ਕਾਂਗਰਸ ਨੂੰ ਪੰਜ ਤੇ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ ਜਦਕਿ ਦੋ ਆਜ਼ਾਦ ਉਮੀਦਵਾਰ ਜੇਤੂ ਰਹੇ। ਕਸਬਾ ਤਲਵੰਡੀ ਭਾਈ ’ਚ ਕਾਂਗਰਸ ਨੂੰ 9, ਅਕਾਲੀ ਦਲ ਨੂੰ ਤਿੰਨ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਬਰਨਾਲਾ ਦੀ ਨਗਰ ਕੌਂਸਲ ‘ਤੇ ਕੁੱਲ 31 ਸੀਟਾਂ ‘ਚੋਂ 16 ‘ਤੇ ਕਾਂਗਰਸ ਜਿੱਤ ਪ੍ਰਾਪਤ ਕਰ ਕੇ ਪ੍ਰਧਾਨਗੀ ਦੇ ਅਹੁਦੇ ‘ਤੇ ਕਬਜ਼ੇ ਦੀ ਦਾਅਵੇਦਾਰ ਬਣਨ ’ਚ ਕਾਮਯਾਬ ਹੋ ਗਈ ਜਦੋਂਕਿ 8 ਆਜ਼ਾਦ ਉਮੀਦਵਾਰਾਂ ਨੇ ਜਿੱਤ ਝੋਲੀ ਪਾ ਕੇ ਆਪਣੀ ਬੱਲੇ-ਬੱਲੇ ਕਰਵਾਈ| ਅਕਾਲੀ ਦਲ ਬਾਦਲ ਦੀ ਤੱਕੜੀ ‘ਚ 4 ਤੁਲੇ, ਇਸੇ ਤਰ੍ਹਾਂ 3 ‘ਤੇ ‘ਆਪ’ ਨੇ ਝਾੜੂ ਫੇਰਿਆ| ਇਸੇ ਤਰ੍ਹਾਂ ਧਨੌਲਾ ਵਿੱਚ ਸਾਰੀਆਂ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਜਿੱਤ ਪ੍ਰਾਪਤ ਕਰਕੇ ਸਿਆਸੀ ਪਾਰਟੀਆਂ ਬੇਦਖਲ ਕੀਤੀਆਂ|
ਫਾਜ਼ਿਲਕਾ (ਪਰਮਜੀਤ ਸਿੰਘ): ਨਗਰ ਕੌਂਸਲ ਚੋਣਾਂ ਫ਼ਾਜ਼ਿਲਕਾ ਵਿੱਚ ਵੀ ਕਾਂਗਰਸ ਨੇ ਬਹੁਮਤ ਹਾਸਲ ਪ੍ਰਾਪਤ ਕਰ ਕੇ ਜਿੱਤ ਦਰਜ ਕਰਵਾਈ ਹੈ।
ਫਾਜ਼ਿਲਕਾ ਦੀਆਂ ਕੁੱਲ 25 ਸੀਟਾਂ ’ਚੋਂ ਕਾਂਗਰਸ ਨੂੰ 19, ਭਾਜਪਾ ਨੂੰ 4 ਅਤੇ ‘ਆਪ’ ਨੂੰ 2 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ। ਫ਼ਾਜ਼ਿਲਕਾ ਵਿੱਚ ਕਿਸਾਨਾਂ ਦਾ ਤਿੱਖਾ ਵਿਰੋਧ ਹੋਣ ਦੇ ਬਾਵਜੂਦ ਭਾਜਪਾ ਦੇ ਸਾਬਕਾ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਨੀ 4 ਸੀਟਾਂ ਜਿੱਤ ਕੇ ਆਪਣੀ ਇੱਜ਼ਤ ਬਚਾਉਣ ਵਿੱਚ ਸਫ਼ਲ ਰਹੇ ਹਨ।
ਮੋਗਾ ’ਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ
ਮੋਗਾ (ਮਹਿੰਦਰ ਸਿੰਘ ਰੱਤੀਆਂ): ਮੋਗਾ ’ਚ ਕਾਂਗਰਸ ਨੇ ਸਾਰੀਆਂ ਸੀਟਾਂ ਉੱਤੇ ਜਿੱਤ ਦਾ ਦਾਅਵਾ ਕੀਤਾ ਪਰ ਉਨ੍ਹਾਂ ਨੂੰ 50 ’ਚੋਂ 20 ਸੀਟਾਂ ਹੀ ਮਿਲੀਆਂ। ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ, ਜਿਸ ਕਾਰਨ ਮੇਅਰ ਬਣਾਉਣ ਵਿੱਚ ਆਜ਼ਾਦ ਜਿੱਤੇ ਉਮੀਦਵਾਰਾਂ ਦੀ ਅਹਿਮ ਭੂਮਿਕਾ ਹੋਵੇਗੀ। ਇਹ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੂੰ ਸਬਕ ਹਨ। ਇੱਕ ਸੀਨੀਅਰ ਕਾਂਗਰਸ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੀ ਹਕੂਮਤ ਦੇ ਕਰੀਬ 4 ਸਾਲ ਬਾਅਦ ਵੀ ਕਾਂਗਰਸ ਦਾ ਸੱਤਾ ਪੱਖ ਵਾਲਾ ਮਿਆਰ ਕਾਇਮ ਨਹੀਂ ਹੋ ਸਕਿਆ ਜਿਸ ਕਰਕੇ ਕਾਂਗਰਸੀ ਕਾਡਰ ਦੀ ਆਮ ਜਨਤਾ ਵਿੱਚ ਪੈਠ ਨਹੀਂ ਬਣ ਸਕੀ ਜਿਸਦਾ ਖਾਮਿਆਜ਼ਾ ਪਾਰਟੀ ਨੂੰ ਸ਼ਹਿਰੀ ਵੋਟਾਂ ਵਿੱਚ ਭੁਗਤਣਾ ਪਿਆ ਹੈ ਜਿਸਦੀ ਤਾਜ਼ਾ ਮਿਸਾਲ ਵਿਧਾਇਕ ਦੀ ਪਤਨੀ ਵੱਲੋਂ ਕੌਂਸਲਰ ਦੀ ਚੋਣ ਹਾਰ ਜਾਣਾ ਹੈ। ਅਕਾਲੀ ਦਲ ਬਾਦਲ ਲਈ ਇਹ ਚੋਣ ਕਾਫ਼ੀ ਸੰਤੋਸ਼ਜਨਕ ਰਹੀ ਅਤੇ ਉਸਨੇ 15 ਸੀਟਾਂ ਹਾਸਲ ਕਰਨ ਨਾਲ ਪਾਰਟੀ ਦਾ ਗੁਆਚਿਆ ਲੋਕ ਆਧਾਰ ਇੱਕ ਫ਼ਿਰ ਵਾਪਸ ਪਰਤ ਆਇਆ ਹੈ ਜੋ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੌਸਲਾ ਅਫ਼ਜਾਈ ਹੈ। ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦਾ ਆਮ ਲੋਕਾਂ ਅਤੇ ਕਿਸਾਨ ਧਿਰਾਂ ਵੱਲੋਂ ਕੀਤੇ ਜਾ ਰਹੇ ਭਾਰੀ ਵਿਰੋਧ ਹੋ ਰਿਹਾ ਹੈ। ਪਾਰਟੀ ਲਈ ਚੋਣ ਨਤੀਜੇ ਸਭ ਤੋਂ ਨਿਰਾਸ਼ਾਜਨਕ ਰਹੇੇ ਜਿਸਦੀ ਮਿਸਾਲ ਇੱਥੇ ਭਾਜਪਾ ਨੂੰ 28 ਸੀਟਾਂ ’ਚੋਂ ਸਿਰਫ਼ ਇੱਕ ਸੀਟ ਮਿਲੀ ਹੈ। ਆਮ ਆਦਮੀ ਪਾਰਟੀ ਦਾ ਝਾੜੂ ਵੀ ਸਿਆਸੀ ਸਫ਼ਾਈ ਨਾ ਕਰ ਸਕਿਆ 50 ’ਚੋਂ ਸਿਰਫ਼ ਮਹਿਜ਼ 4 ਸੀਟਾਂ ਨਾਲ ਹੀ ਸਬਰ ਦਾ ਘੁੱਟ ਭਰਨਾ ਪਿਆ ਹੈ।
ਲਹਿਰਾ ਮੁਹੱਬਤ ’ਚ 7 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
ਭੁੱਚੋ ਮੰਡੀ (ਪਵਨ ਗੋਇਲ): ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਕੁੱਲ 11 ਵਾਰਡਾਂ ’ਚੋਂ 7 ਆਜ਼ਾਦ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਹੈ ਜਦਕਿ 4 ਵਾਰਡਾਂ ਵਿੱਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਅਤੇ ਹੋਰ ਕੋਈ ਉਮੀਦਵਾਰ ਚੋਣ ਮੈਦਾਨ ’ਚ ਨਾ ਹੋਣ ਕਰਕੇ ਖਾਲੀ ਰਹਿ ਗਏ ਹਨ। ਇਨ੍ਹਾਂ ਚਾਰ ਵਾਰਡਾਂ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੜ ਪੋਲਿੰਗ ਕਰਵਾਈ ਜਾਵੇਗੀ।