ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 9 ਨਵੰਬਰ
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਵਿਕਾਸ ਕਾਰਜ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਦਰੂਨੀ ਪੁਰਾਤਨ ਤੇ ਵਿਰਾਸਤੀ ਸ਼ਹਿਰ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਰਿਹਾਇਸ਼ੀ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਪਾਣੀ, ਸੀਵਰੇਜ ਅਤੇ ਗਲੀਆਂ ਆਦਿ ਦਾ ਨਵ-ਨਿਰਮਾਣ ਵੀ ਚੱਲ ਰਿਹਾ ਹੈ।
ਇਸੇ ਦੌਰਾਨ ਉਨ੍ਹਾਂ ਨੇ ਝਬਾਲ ਰੋਡ ਸਥਿਤ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਅਤੇ ਉੱਥੇ ਨਵੇਂ ਬਣਨ ਵਾਲੇ ਕਮਰਿਆਂ ਲਈ 25 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਅਗਲੇ ਸਾਲ 25 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀ ਸੋਨੀ ਨੇ ਆਸ਼ਰਮ ਲਈ 15 ਲੱਖ ਰੁਪਏ ਆਪਣੇ ਅਖਿਤਆਰੀ ਕੋਟੇ ਵਿੱਚੋਂ ਜਾਰੀ ਕਰ ਕੇ ਕਮਰਿਆਂ ਦਾ ਨਿਰਮਾਣ ਕਰਵਾਇਆ ਸੀ। ਊਨ੍ਹਾਂ ਨੇ ਨਵਾਂ ਕੋਟ ਬਾਜ਼ਾਰ ਵਿੱਚ ਸਥਿਤ ਆਰੀਆ ਸਮਾਜ ਮੰਦਰ ਦੇ ਪ੍ਰਧਾਨ ਡਾ. ਪ੍ਰਕਾਸ਼ ਚੰਦ ਨੂੰ ਵੀ ਦੋ ਲੱਖ ਦਾ ਚੈੱਕ ਸੌਂਪਿਆ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਰੁਣ ਪੱਪਲ, ਕੌਂਸਲਰ ਤਾਹਿਰ ਸ਼ਾਹ ਤੇ ਸੁਰਿੰਦਰ ਛਿੰਦਾ, ਸਰਬਜੀਤ ਸਿੰਘ ਲਾਟੀ, ਰਵੀ ਕਾਂਤ, ਦੇਸ ਰਾਜ, ਸੋਨੂੰ ਭਾਟੀਆ, ਵਿਵੇਕ ਕੁਮਾਰ, ਬਾਲ ਕ੍ਰਿਸ਼ਨ, ਗੁਰਨਾਮ ਸਿੰਘ ਲਾਲੀ, ਪ੍ਰਮੋਦ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਖਸਤਾ ਹਾਲ ਕਮਿਊਨਿਟੀ ਹਾਲਾਂ ਦਾ ਨਵੀਨੀਕਰਨ ਸ਼ੁਰੂ ਕਰਵਾਇਆ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਸ਼ਹਿਰ ਦੇ ਸੁੰਦਰ ਨਗਰ, ਭਦਰੋਆ, ਬ੍ਰਹਮਾਸ਼ੈਲ ਅਤੇ ਸੈਲੀ ਕੁੱਲੀਆਂ ਦੀਆਂ ਅਬਾਦੀਆਂ ਵਿੱਚ ਸਥਿਤ ਖਸਤਾ ਹਾਲ ਕਮਿਊਨਿਟੀ ਹਾਲਾਂ ਦਾ 25-25 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅੱਜ ਵਿਧਾਇਕ ਅਮਿਤ ਵਿੱਜ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਰਾਕੇਸ਼ ਬਬਲੀ, ਪੰਨਾ ਲਾਲ ਭਾਟੀਆ, ਗੌਰਵ ਵਡੈਹਰਾ, ਗਣੇਸ਼ ਮਹਾਜਨ, ਨਗਰ ਨਿਗਮ ਦੇ ਐੱਸਡੀਓ ਪਰਮਜੋਤ ਸਿੰਘ ਹਾਜ਼ਰ ਸਨ। ਵਿਧਾਇਕ ਨੇ ਦੱਸਿਆ ਕਿ ਇਨ੍ਹਾਂ ਕਮਿਊਨਿਟੀ ਹਾਲਾਂ ਦਾ ਕੰਮ ਮਾਰਚ ਮਹੀਨੇ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇੰਨ੍ਹਾਂ ਦੇ ਮੁਕੰਮਲ ਹੋਣ ਮਗਰੋਂ 4 ਹੋਰ ਕਮਿਊਨਿਟੀ ਹਾਲਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਾਰਡਾਂ ਦੇ ਲੋਕ ਡਿਸਪੈਂਸਰੀ ਦੀ ਮੰਗ ਕਰ ਰਹੇ ਹਨ, ਉੱਥੇ ਡਿਸਪੈਂਸਰੀ ਵੀ ਖੋਲ੍ਹੀ ਜਾ ਰਹੀ ਹੈ।