ਪੱਤਰ ਪ੍ਰੇਰਕ
ਸੰਦੌੜ, 3 ਸਤੰਬਰ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਖੁਰਦ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਸਕੂਲ ਦੇ ਹੈੱਡਮਾਸਟਰ ਸਜਾਦ ਅਲੀ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਮਾਲੇਰਕੋਟਲਾ ਮੁਹੰਮਦ ਹਬੀਬ ਨੇ ਦੱਸਿਆ ਕਿ ਰੱਸਾ-ਕਸ਼ੀ ਦੇ 21 ਤੋਂ 40 ਸਾਲ ਵਰਗ ਵਿੱਚ ਪਹਿਲਾ ਸਥਾਨ ਸ਼ੇਰਗੜ੍ਹ ਚੀਮਾ, ਦੂਸਰਾ ਜਲਵਾਣਾ, ਫੁਟਬਾਲ ਵਿੱਚ ਪਿੰਡ ਹਥਨ ਦੀ ਟੀਮ ਨੇ ਪਹਿਲਾ ਤੇ ਦੂਸਰਾ ਸਥਾਨ ਪਿੰਡ ਸੰਦੌੜ ਦੀ ਟੀਮ ਨੇ ਪ੍ਰਾਪਤ ਕੀਤਾ ਹੈ। ਫੁਟਬਾਲ (ਕੁੜੀਆਂ) 21 ਤੋਂ 40 ਸਾਲ ਉਮਰ ਵਰਗ ਵਿੱਚ ਮਾਲੇਰਕੋਟਲਾ ਕੋਚਿੰਗ ਸੈਂਟਰ ਦੀ ਟੀਮ ਨੇ ਪਹਿਲਾ ਤੇ ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਨੇ ਹਾਸਲ ਕੀਤਾ। ਇਸੇ ਤਰ੍ਹਾਂ ਫੁਟਬਾਲ ਕੁੜੀਆਂ ਅੰਡਰ 21 ਅਧੀਨ ਕਰਵਾਏ ਗਏ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਿੰਡ ਜਲਵਾਣਾ ਤੇ ਦੂਸਰਾ ਸਥਾਨ ਮਾਲੇਰਕੋਟਲਾ ਕੋਚਿੰਗ ਸੈਂਟਰ, ਫੁਟਬਾਲ ਅੰਡਰ 17 ਕੁੜੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਨੇ ਅਤੇ ਦੂਸਰਾ ਸਥਾਨ ਪਿੰਡ ਜਲਵਾਣਾ ਦੀ ਟੀਮ ਨੇ ਹਾਸਲ ਕੀਤਾ। ਅੰਤ ਵਿੱਚ 40 ਸਾਲ ਉਮਰ ਵਰਗ ਦੌੜਾਂ ਦੇ ਮੁਕਾਬਲੇ ਵਿੱਚ ਆੜ੍ਹਤੀਆ ਬਾਰਾ ਸਿੰਘ ਖੁਰਦ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡਾਂ ਦੇ ਪਹਿਲੇ ਦਿਨ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਬੀਬੀ ਫਰਿਆਲ ਰਹਿਮਾਨ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸਾਕਬਿ ਅਲੀ ਰਾਜਾ, ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਤੇ ਪ੍ਰਬੰਧਕ ਕਰਮਜੀਤ ਸਿੰਘ ਕੁਠਾਲਾ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਅਪੋਲੋ ਸਕੂਲ ਦੀ ਵਾਲੀਬਾਲ ਟੀਮ ਪਹਿਲੇ ਸਥਾਨ ’ਤੇ ਰਹੀ
ਦੇਵੀਗੜ੍ਹ (ਪੱਤਰ ਪ੍ਰੇਰਕ): ਭੂਨਰਹੇੜੀ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿੱਚ ਚੱਲ ਰਹੀਆਂ ਬਲਾਕ ਪੱਧਰੀ ਖੇਡਾਂ ਵਿੱਚ ਅਪੋਲੋ ਸਕੂਲ ਦੇਵੀਗੜ੍ਹ ਦੇ ਖਿਡਾਰੀਆਂ ਨੇ ਡੀਪੀਈ ਹਰਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਨੀਲਮਾ ਦੀਕਿਸ਼ਤ ਨੇ ਦੱਸਿਆ ਕਿ ਸਕੂਲ ਵਾਲੀਬਾਲ ਟੀਮ ਨੇ ਅੰਡਰ 17 ਉਮਰ ਵਰਗ ਵਿੱਚ ਬਲਾਕ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ ਨੇ ਖਿਡਾਰਨਾਂ ਦੇ ਵਧੀਆ ਪ੍ਰਦਸ਼ਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਰੇਨਬੋ ਸਕੂਲ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਬੈਨਰ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਤਹਿਤ ਬਲਾਕ ਮਾਲੇਰਕੋਟਲਾ-2 ਦੇ ਸਕੂਲਾਂ ਦੀਆਂ ਵੱਖ ਵੱਖ ਖੇਡਾਂ ਦੀਆਂ ਟੀਮਾਂ ਨੇ ਪਿੰਡ ਖੁਰਦ ਵਿੱਚ ਹੋਏ ਬਲਾਕ ਪੱਧਰੀ ਖੇਡ ਮੁਕਾਬਲਿਆਂ ‘ਚ ਜੌਹਰ ਦਿਖਾਏ। ਇਨ੍ਹਾਂ ਖੇਡਾਂ ‘ਚ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਇਸ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਸਰਕਲ ਦੇ 21 ਸਾਲਾ ਉਮਰ ਵਰਗ ਦੇ ਮੁਕਾਬਲੇ ਵਿੱਚ ਪਹਿਲਾ, 21 ਵਾਲੀਵਾਲ ਮੁਕਾਬਲੇ ਵਿਚ ਦੂਜਾ, ਰੱਸਾ-ਕਸ਼ੀ ਵਿਚ ਦੂਜਾ, ਸ਼ਾਟ-ਪੁੱਟ ਵਿਚ ਖੁਸ਼ਦੀਪ ਕੌਰ ਕੁਠਾਲਾ ਤੇ ਮਹਿਕਪ੍ਰੀਤ ਕੌਰ ਕੁੱਪ ਕਲਾਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਦੇ ਮੁਕਾਬਲੇ ਵਿੱਚ ਤਨਵੀਰ ਚੱਕ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦੇ ਸਕੂਲ ਪੁਹੰਚਣ ‘ਤੇ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਖ਼ਾਲਸਾ ਨੇ ਖਿਡਾਰੀਆਂ ਅਤੇ ਡੀਪੀਈ ਬਲਕਾਰ ਸਿੰਘ ਨੂੰ ਵਧਾਈ ਦਿੱਤੀ।