ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਨਵੰਬਰ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਮੌਤ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਸੂਬਾਈ ਚੋਣ ਕਮਿਸ਼ਨ ਨੂੰ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਤੇ ਹੋਰਨਾਂ ਆਗੂਆਂ ਖਿਲਾਫ਼ ਸ਼ਿਕਾਇਤ ਕੀਤੀ ਹੈ। ‘ਆਪ’ ਨੇ ਇਸ ਮਾਮਲੇ ਵਿੱਚ ਆਈਪੀ ਪੁਲੀਸ ਸਟੇਸ਼ਨ ਵਿੱਚ ਵੱਖਰੀ ਸ਼ਿਕਾਇਤ ਵੀ ਦਰਜ ਕੀਤੀ ਹੈ।
ਪਾਰਟੀ ਨੇ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ, ”ਭਾਜਪਾ ਨੇ ਮੀਡੀਆ ਵਿੱਚ ਜਾਰੀ ਨਕਾਰਾਤਮਕ ਬਿਆਨਾਂ ਤੇ ਬੇਬੁਨਿਆਦ ਸਾਜ਼ਿਸ਼ਾਂ ਜ਼ਰੀਏ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਤੇ ਉਨ੍ਹਾਂ ਦਾ ਮਨੋਬਲ ਤੋੜਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਹਨ। ਅਗਾਮੀ ਐੱਮਸੀਡੀ ਤੇ ਗੁਜਰਾਤ ਚੋਣਾਂ ਦੇ ਮੱਦੇਨਜ਼ਰ, ਮਨੋਜ ਤਿਵਾੜੀ ਤੇ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜ ਸਕਦੇ ਹਨ। ਅਸੀਂ ਸੂਬਾਈ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਮਨੋਜ ਤਿਵਾੜੀ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਕਮਿਸ਼ਨ ਦੇ ਨੇਮਾਂ ਮੁਤਾਬਕ ਬਣਦੀ ਠੋਸ ਕਾਰਵਾਈ ਕੀਤੀ ਜਾਵੇ।” ‘ਆਪ’ ਵਿਧਾਇਕ ਸੌਰਭ ਭਾਰਦਵਾਜ ਦੀ ਅਗਵਾਈ ਹੇਠ ਪਾਰਟੀ ਆਗੂਆਂ ਦੇ 5 ਮੈਂਬਰੀ ਵਫ਼ਦ ਨੇ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਭਾਜਪਾ ਆਗੂ ਮਨੋਜ ਤਿਵਾੜੀ ਨੂੰ ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਦੀ ਜਾਣਕਾਰੀ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਕੀਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਦਵਾਜ ਨੇ ਮੰਗ ਕੀਤੀ ਕਿ ਇਸ ਕਥਿਤ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਬਾਰੇ ਵੀ ਪਤਾ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ, ”ਕਮਿਸ਼ਨ ਨੇ ਵੀ ਮੰਨਿਆ ਕਿ ਇਹ ਗੱਲ ਕਾਫੀ ਗੰਭੀਰ ਹੈ ਤੇ ਸੀਨੀਅਰ ਆਗੂ ਵੱਲੋਂ ਅਜਿਹੀ ਗੱਲ ਕਰਨਾ ਜਾਂਚ ਦੇ ਦਾਇਰੇ ਵਿੱਚ ਆਉਣਾ ਚਾਹੀਦਾ ਹੈ।” ਵਫ਼ਦ ਵਿੱਚ ਭਾਰਦਵਾਜ ਤੋਂ ਇਲਾਵਾ ਵਿਧਾਇਕ ਸੰਜੀਵ ਝਾਅ, ਮਦਨ ਲਾਲ, ਪ੍ਰਵੀਨ ਕੁਮਾਰ, ਸੋਮਦੱਤ ਸ਼ਾਮਲ ਸਨ। ਉਨ੍ਹਾਂ ਚੋਣ ਕਮਿਸ਼ਨ ਨੂੰ ਦੱਸਿਆ ਕਿ ਭਾਜਪਾ ਆਗੂ ਤਿਵਾੜੀ ਨੇ ਕੇਜਰੀਵਾਲ ਦੇ ਕਤਲ ਦੀ ਗੱਲ ਇੱਕ ਚੈਨਲ ਉਪਰ ਕੀਤੀ ਹੈ।
ਇਸ ਤੋਂ ਪਹਿਲਾਂ ਅੱਜ ਦਿਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ, ”ਭਾਜਪਾ ਮੁੱਖ ਮੰਤਰੀ ਕੇਜਰੀਵਾਲ ਨੂੰ ਬਦਨਾਮ ਕਰਨ ਵਿੱਚ ਨਾਕਾਮ ਰਹੀ ਤੇ ਹੁਣ ਉਨ੍ਹਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ। ਗੁਜਰਾਤ ਤੇ ਐੱਮਸੀਡੀ ਚੋਣਾਂ ਵਿੱਚ ਯਕੀਨੀ ਹਾਰ ਦਾ ਖ਼ੌਫ ਤੇ ਨਿਰਾਸ਼ਾ ਹੁਣ ਭਾਜਪਾ ਆਗੂਆਂ ਦੇ ਚਿਹਰਿਆਂ ‘ਤੇ ਨਜ਼ਰ ਆਉਣ ਲੱਗੀ ਹੈ। ਅਸੀਂ ਪੁਲੀਸ ਤੇ ਚੋਣ ਕਮਿਸ਼ਨ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ।” ਸਿਸੋਦੀਆ ਨੇ ਕਿਹਾ ਕਿ ਹੁਣ ਜਦੋਂ ਭਾਜਪਾ ਆਪਣੀਆਂ ਸਾਰੀਆਂ ਸਾਜ਼ਿਸ਼ਾਂ ਜ਼ਰੀਏ ਕੇਜਰੀਵਾਲ ਦਾ ਮਨੋਬਲ ਤੋੜਨ ਵਿੱਚ ਨਾਕਾਮ ਰਹੀ ਹੈ ਤਾਂ ਮਨੋਜ ਤਿਵਾੜੀ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਤਿਵਾੜੀ ਵੱਲੋਂ ਵਰਤੀ ਸ਼ਬਦਾਵਲੀ ਸਾਬਤ ਕਰਦੀ ਹੈ ਕਿ ਭਾਜਪਾ ਕੇਜਰੀਵਾਲ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ।
‘ਆਪ’ ਵਰਕਰ ਨੇ ਖੁ਼ਦਕੁਸ਼ੀ ਨਹੀਂ ਕੀਤੀ, ਉਸ ਦਾ ਕਤਲ ਹੋਇਆ: ਤਿਵਾੜੀ
ਨਵੀਂ ਦਿੱਲੀ: ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅੱਜ ਦਾਅਵਾ ਕੀਤਾ ਕਿ ‘ਆਪ’ ਵਰਕਰ ਸੰਦੀਪ ਭਾਰਦਵਾਜ ਨੇ ਖੁਦਕੁਸ਼ੀ ਨਹੀਂ ਕੀਤੀ, ਉਸ ਦਾ ਕਤਲ ਕੀਤਾ ਗਿਆ ਹੈ। ਭਾਰਦਵਾਜ, ਜੋ ‘ਆਪ’ ਦੀ ਵਪਾਰ ਵਿੰਗ ਇਕਾਈ ਦਾ ਸਕੱਤਰ ਸੀ, ਵੀਰਵਾਰ ਨੂੰ ਰਾਜੌਰੀ ਗਾਰਡਨ ਸਥਿਤ ਆਪਣੇ ਘਰ ਵਿੱਚ ਮ੍ਰਿਤ ਮਿਲਿਆ ਸੀ। ਪੁਲੀਸ ਨੇ ਪਹਿਲੀ ਨਜ਼ਰੇ ਭਾਰਦਵਾਜ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਤਿਵਾੜੀ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਖੁ਼ਦਕੁਸ਼ੀ ਵੱਲ ਇਸ਼ਾਰਾ ਨਹੀਂ ਕਰਦੀ। ਉਨ੍ਹਾਂ ਕਿਹਾ, ”ਇਸ ਲਈ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ ਤਾਂ ਕਿ ਅਸਲ ਕਾਰਨਾਂ ਦਾ ਪਤਾ ਲਾ ਕੇ ਇਸ ਕੇਸ ਦੀ ਤਹਿ ਤੱਕ ਪੁੱਜਿਆ ਜਾ ਸਕੇ।” -ਆਈਏਐੱਨਐੱਸ