ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਅੱਜ ਸੰਪੰਨ ਹੋਇਆ ਸਾਇੰਸ ਵੀਕ ਫੈਸਟੀਵਲ ਇਸ ਗੱਲ ਦਾ ਸੁਨੇਹਾ ਦੇ ਗਿਆ ਕਿ ਜੇ ਅਸੀਂ ਸਚਮੁੱਚ ਹੀ ਆਪਣੇ ਆਪ ਨੂੰ ਵਿਗਿਆਨਕ ਸੋਚ ਵਾਲਾ ਕਹਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਵਿਗਿਆਨ ’ਚ ਖਾਸ ਕਰਕੇ ਭੌਤਿਕ ਵਿਗਿਆਨ ’ਚ ਹੋ ਰਹੀਆਂ ਨਵੀਆਂ ਖੋਜਾਂ ਤੇ ਡੀਬੇਟਸ ਬਾਰੇ ਜਾਣਨਾ ਪਵੇਗਾ। ਵਿਗਿਆਨ ਸਪਤਾਹ ਉਤਸਵ ’ਤੇ ਕੋਆਰਡੀਨੇਟਰ ਡਾ. ਬਿੰਦੀਆ ਅਰੋੜਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਗਿਆਨ ਸਪਤਾਹ ਮੇਲੇ ‘ਵਿਗਿਆਨ ਸਰਵਤ੍ਰ ਪੂਜਯਤੇ’ ਦਾ ਆਯੋਜਨ ਕੀਤਾ ਗਿਆ ਜੋ ਉਨ੍ਹਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੇ ਕਾਰਨ ਸਫਲਤਾਪੂਰਵਕ ਅੱਜ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਵੱਖ ਵੱਖ ਸਕੂਲਾਂ, ਕਾਲਜਾਂ ਤੇ ਹੋਰ ਅਕਾਦਮਿਕ ਅਦਾਰਿਆਂ ਦੇ ਵਿਦਿਆਰਥੀਆਂ ਖੋਜਾਰਥੀਆਂ ਨੇ ਦਿਲਚਸਪੀ ਨਾਲ ਇਸ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਸੱਭਿਆਚਾਰਕ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ ‘ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ, ਪਾਪੁਲਰਾਈਜੇਸ਼ਨ ਐਂਡ ਇਟਸ ਐਕਸਟੈਂਸ਼ਨ’ ਤਹਿਤ ਰਾਜ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੇ ਵਿਗਿਆਨ ਪ੍ਰਸਾਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।
ਸਾਇੰਸ ਵੀਕ ਫੈਸਟੀਵਲ ਦਾ ਮੁੱਖ ਉਦੇਸ਼ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ, ਪਾਠਕ੍ਰਮ ਤੇ ਸਮਾਜ ਦੇ ਨਾਲ ਇਸ ਦੇ ਮਹੱਤਵਪੂਰਨ ਤੇ ਦਿਲਚਸਪ ਸੰਵਾਦਾਂ ਸਬੰਧੀ ਬਹੁਤ ਸਾਰੇ ਰਚਨਾਤਮਕ ਪ੍ਰੋਗਰਾਮਾਂ ਰਾਹੀਂ ਸਾਹਮਣੇ ਲਿਆਉਣਾ ਸੀ। ਇਸ ਫੈਸਟੀਵਲ ’ਚ ਭਾਰਤੀ ਵਿਗਿਆਨਕ ਭਾਈਚਾਰੇ ਦੇ ਅਣਗਿਣਤ ਨਾਇਕਾਂ ਨੂੰ ਦਰਸਾਉਂਦੀਆਂ ਲਘੂ ਫਿਲਮਾਂ ਦੀ ਇੱਕ ਲੜੀ ਦਾ ਆਯੋਜਨ ਵੀ ਕੀਤਾ ਗਿਆ।
ਰਾਸ਼ਟਰੀ ਵਿਗਿਆਨ ਦਿਵਸ ’ਤੇ ਇਨੋਵੇਸ਼ਨ ਸਟੈਮ ਲੈਬਜ਼ ਦੀ ਸ਼ੁਰੂਆਤ
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਤੇ ਗਣਿਤ ਵਰਗੇ ਵਿਸ਼ਿਆਂ ਨੂੰ ਆਸਾਨ, ਦਿਲਚਸਪ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਗਿਆਨਕ ਸੋਚ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਬੇਹਤਰੀਨ ਪਹਿਲ ਕੀਤੀ ਗਈ ਹੈ। ਜ਼ਿਲ੍ਹੇ ਦੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 2 ਕਰੋੜ 41 ਲੱਖ 90 ਹਜ਼ਾਰ ਰੁਪਏ ਦੀ ਲਾਗਤ ਨਾਲ ਸਟੈਮ (ਸਾਇੰਸ, ਟੈਕਨਾਲਜੀ, ਇੰਜਨੀਅਰਿੰਗ, ਮੈਥਸ ਲਰਨਿੰਗ) ਲੈਬਜ਼ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਇਕ ਇਸ ਤਰ੍ਹਾਂ ਦਾ ਮਾਹੌਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਇਨ੍ਹਾਂ ਵਿਸ਼ਿਆਂ ਪ੍ਰਤੀ ਜਿੱਥੇ ਆਕਰਸ਼ਿਤ ਹੋਣਗੇ, ਉਥੇ ਵੱਧ ਤੋਂ ਵੱਧ ਪ੍ਰੈਕਟੀਕਲ ਪ੍ਰਦਰਸ਼ਨ ਰਾਹੀਂ ਇਸ ਨੂੰ ਆਸਾਨੀ ਨਾਲ ਸਮਝ ਸਕਣਗੇ। ਇਹ ਸੰਭਵ ਹੋ ਸਕਿਆ ਹੈ ਡੀਸੀ ਅਪਨੀਤ ਰਿਆਤ ਦੀ ਦੂਰਦਰਸ਼ੀ ਸੋਚ ਕਾਰਨ, ਜਿਸ ਤਹਿਤ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਆਪਣੇ ਹੀ ਸਕੂਲ ’ਚ ਆਧੁਨਿਕ ਲੈਬਜ਼ ਰਾਹੀਂ ਵਿਗਿਆਨ, ਤਕਨੀਕ ਤੇ ਗਣਿਤ ਵਰਗੇ ਔਖੇ ਵਿਸ਼ਿਆਂ ਨੂੰ ਆਸਾਨੀ ਨਾਲ ਜਾਣੂ ਹੋ ਸਕਣਗੇ। ਰਾਸ਼ਟਰੀ ਵਿਗਿਆਨ ਦਿਵਸ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ’ਚ ਪੌਦਾ ਲਾ ਕੇ ਇਸ ਇਨੋਵੇਸ਼ਨ ਸਟੈਮ ਲੈਬ ਦੀ ਸ਼ੁਰੂਆਤ ਕਰਦੇ ਹੋਏ ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਦੇ 41 ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਸਟੈਮ ਲੈਬਜ਼ ਮਡਿਊਲ ਨੂੰ ਨੌਵੀਂ ਤੋਂ ਬਾਹਰਵੀਂ ਜਮਾਤ ਲਈ ਸ਼ੁਰੂ ਕੀਤਾ ਜਾ ਰਿਹਾ ਹੈ।