ਦਵਿੰਦਰ ਸਿੰਘ ਭੰਗੂ
ਰਈਆ, 14 ਮਈ
ਸਰਕਾਰੀ ਮਿਡਲ ਸਕੂਲ ਪੱਡੇ ਵਿੱਚ ਵਿਦਿਆਰਥਣਾਂ ਨਾਲ ਛੇੜ-ਛਾੜ ਦੇ ਮਾਮਲੇ ਵਿੱਚ ਮੁੱਢਲੀ ਜਾਂਚ ਦੌਰਾਨ ਡੀਪੀਆਈ (ਸੈਕੰਡਰੀ) ਪੰਜਾਬ ਨੇ ਪੰਜਾਬੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਡੀਪੀਆਈ (ਸੈਕੰਡਰੀ) ਪੰਜਾਬ ਕੁਲਜੀਤ ਪਾਲ ਸਿੰਘ ਮਾਹੀ ਨੇ ਸਰਕਾਰੀ ਮਿਡਲ ਸਕੂਲ ਪੱਡੇ ਦੇ ਇਕ ਪੰਜਾਬੀ ਅਧਿਆਪਕ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਸਬੰਧੀ ਕੁੜੀਆਂ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਮੁੱਢਲੀ ਜਾਂਚ ਲਈ ਕਮੇਟੀ ਬਣਾਈ ਸੀ। ਜਾਂਚ ਦੌਰਾਨ ਦੋਸ਼ ਸਿੱਧ ਹੋਣ ਕਾਰਨ ਲਿਖਤੀ ਹੁਕਮ ਜਾਰੀ ਕਰ ਕੇ ਮੁਲਾਜ਼ਮ ਨੂੰ ਤਤਕਾਲ ਸਮੇਂ ਤੋ ਮੁਅੱਤਲ ਕੀਤਾ ਹੈ ਅਤੇ ਮੁਅੱਤਲੀ ਦੌਰਾਨ ਉਕਤ ਕਰਮਚਾਰੀ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨਿਸ਼ਚਿਤ ਕੀਤਾ ਗਿਆ ਹੈ।