ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਅਪਰੈਲ
ਇਥੇ ਫਿਰੋਜ਼ਪੁਰ ਰੋਡ ਸਥਿਤ ਅਡਾਨੀ ਸਾਇਲੋ ਪਲਾਂਟ ਵਿੱਚ ਕਣਕ ਵੇਚਣ ਤੋਂ ਕਿਸਾਨ ਜਥੇਬੰਦੀਆਂ ’ਚ ਮੱਤਭੇਦ ਪੈਦਾ ਹੋ ਗਏ ਹਨ। ਕੁਝ ਕਿਸਾਨ ਜਥੇਬੰਦੀਆਂ ਇਥੇ ਕਣਕ ਵੇਚਣ ਦੇ ਹੱਕ ਵਿੱਚ ਹਨ ਅਤੇ ਕੁਝ ਜਥੇਬੰਦੀਆਂ ਸਾਇਲੋ ਵਿੱਚ ਕਣਕ ਵੇਚਣ ਦਾ ਵਿਰੋਧ ਕਰ ਰਹੀਆਂ ਹਨ। ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਅੱਜ ਕਿਸਾਨਾਂ ਵੱਲੋਂ ਅਡਾਨੀ ਪਲਾਂਟ ’ਚ ਕਣਕ ਵੇਚਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਸਾਜ਼ਿਸ਼ ਤਹਿਤ ਮੰਡੀਆਂ ਬੰਦ ਕਰ ਰਹੀ ਹੈ। ਦੂਜੇ ਪਾਸੇ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਮੀਟਿੰਗ ਕੀਤੀ ਅਤੇ ਆਖਿਆ ਕਿ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵੱਲੋਂ ਕਣਕ ਖਰੀਦ ਕੇ ਅਡਾਨੀ ਸਾਇਲੋ ਪਲਾਂਟ ਵਿੱਚ ਸਟੋਰ ਕੀਤੀ ਜਾ ਰਹੀ ਹੈ, ਜਿਸ ਦਾ ਅਡਾਨੀਆਂ ਨਾਲ ਸਿੱਧਾ ਸਬੰਧ ਨਹੀਂ ਕਿਉਂਕਿ ਐੱਫਸੀਆਈ ਨੇ ਇਹ ਪਲਾਂਟ 2025 ਤੱਕ ਕਿਰਾਏ ’ਤੇ ਲਿਆ ਹੋਇਆ ਹੈ।
ਇਸ ਦੌਰਾਨ ਅਡਾਨੀ ਸਾਇਲੋ ਪਲਾਂਟ ’ਚ ਕਿਸਾਨਾਂ ਨੂੰ ਕਣਕ ਵੇਚਣ ਲਈ ਖ਼ੁਆਰ ਹੋਣਾ ਪੈ ਰਿਹਾ ਹੈ। ਪਲਾਂਟ ਅੰਦਰ ਅੱਜ ਜਦੋਂ ਐੱਫਸੀਆਈ ਵੱਲੋਂ ਕਣਕ ਦੀ ਖਰੀਦ ਕਰਨ ਮੌਕੇ ਮਾਪਦੰਡਾਂ ਦੇ ਆਧਾਰ ’ਤੇ ਟਰਾਲੀਆਂ ਵਾਪਸ ਭੇਜੀਆਂ ਤਾਂ ਕਿਸਾਨਾਂ ਨੇ ਰੌਲਾ ਪਾ ਦਿੱਤਾ, ਜਿਸ ਮਗਰੋਂ ਕਈ ਘੰਟਿਆਂ ਤੱਕ ਕਣਕ ਦੀ ਖਰੀਦ ਦਾ ਕੰਮ ਰੁਕਿਆ ਰਿਹਾ। ਕਿਸਾਨਾਂ ਨੇ ਆਖਿਆ ਕਿ ਕਰੀਬ 15 ਘੰਟੇ ਵਾਰੀ ਦਾ ਇੰਤਜ਼ਾਰ ਕਰਨ ਮਗਰੋਂ ਜਦੋਂ ਕਣਕ ਉਤਾਰਨ ਦੀ ਵਾਰੀ ਆਉਂਦੀ ਹੈ ਤਾਂ ਐੱਫਸੀਆਈ ਅਧਿਕਾਰੀ ਮਾਪਦੰਡਾਂ ਬਹਾਨੇ ਖਰੀਦ ਤੋਂ ਟਾਲਾ ਵੱਟ ਲੈਂਦੇ ਹਨ। ਉਨ੍ਹਾਂ ਕਿਹਾ ਕਿ ਟਰਾਲੀ ਕਤਾਰ ਵਿੱਚ ਲੱਗਣ ਤੋਂ ਪਹਿਲਾਂ ਮਾਪਦੰਡ ਚੈੱਕ ਕੀਤੇ ਜਾਣ।
‘ਮੰਡੀਆਂ ਦੇ ਨਿੱਜੀਕਰਨ ਦੀ ਨੀਤੀ ਨਹੀਂ ਟਲੀ’
ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਗੁਲਜ਼ਾਰ ਸਿੰਘ ਘਾਲੀ ਨੇ ਆਖਿਆ ਕਿ ਪਲਾਂਟ ਵਿੱਚ ਕਣਕ ਵੇਚਣ ਲਈ ਆੜ੍ਹਤੀਏ ਤੋਂ ਪਰਚੀ ਲਈ ਜਾਂਦੀ ਹੈ ਤੇ ਐੱਫਸੀਆਈ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਣਕ ਵਿਕ ਰਹੀ ਹੈ। ਐੱਫਸੀਆਈ ਚੈੱਕ ਰਾਹੀਂ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ਵਿੱਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਫ਼ ਹੈ ਕਿ ਕੇਂਦਰ ਦੀਆਂ ਨੀਤੀਆਂ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਟਲੇ ਹਨ, ਪਰ ਮੰਡੀਕਰਨ ਦੇ ਨਿੱਜੀਕਰਨ ਦੀ ਨੀਤੀ ਨਹੀਂ ਟਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਇਲੋ ਰਹਿਣਗੇ ਤਾਂ ਐੱਫਸੀਆਈ ਦੇ ਆਪਣੇ ਗੁਦਾਮ ਢਹਿਣੇ ਤੈਅ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਐੱਫਸੀਆਈ ਆਪਣੇ ਗੁਦਾਮ ਉਸਾਰੇ।