ਪੱਤਰ ਪ੍ਰੇਰਕ
ਚੰਡੀਗੜ੍ਹ, 19 ਮਾਰਚ
ਸ਼ਹਿਰ ਵਿੱਚ ਕਰੋਨਾ ਮਹਾਮਾਰੀ ਦੇ ਵਧ ਰਹੇ ਪਸਾਰ ਦੇ ਮੱਦੇਨਜ਼ਰ ਅੱਜ ਯੂ.ਟੀ. ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਵੱਲੋਂ ਜਿੱਥੇ ਕਈ ਸਕੂਲਾਂ ਵਿੱਚ ਟੈਸਟਿੰਗ ਕੀਤੀ ਗਈ ਉੱਥੇ ਹੀ ਐੱਸ.ਡੀ.ਐੱਮ. (ਪੱਛਮੀ) ਰੁਚੀ ਸਿੰਘ ਬੇਦੀ ਐੱਚ.ਸੀ.ਐੱਸ. ਵੱਲੋਂ ਮਾਸਕ ਵੰਡੇ ਗਏ। ਮਨੀਮਾਜਰਾ ਦੇ ਸ਼ਿਵਾਲਿਕ ਪਾਰਕ ਵਿੱਚ ਮਾਸਕ ਵੰਡਣ ਮੌਕੇ ਮਿਸ ਬੇਦੀ ਨੇ ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਲਈ ਵੀ ਕਿਹਾ।
ਮੋਬਾਈਲ ਟੀਮਾਂ ਵੱਲੋੋਂ ਅੱਜ ਸੈਕਟਰ 46, ਬੁੜੈਲ, ਪਲਸੌਰਾ, ਕਿਸ਼ਨਗੜ੍ਹ ਅਤੇ ਮੱਖਣਮਾਜਰਾ ਦੇ ਸਰਕਾਰੀ ਮਾਡਲ ਸਕੂਲਾਂ ਵਿੱਚ ਟੈਸਟਿੰਗ ਕੀਤੀ ਗਈ। ਇੰਜ ਹੀ ਰੇਲਵੇ ਸਟੇਸ਼ਨ ਅਤੇ ਸੈਕਟਰ 17 ਦੇ ਬੱਸ ਸਟੈਂਡ ਵਿੱਚ ਵੀ ਟੈਸਟਿੰਗ ਕੀਤੀ ਗਈ। ਸ਼ਹਿਰ ਵਿੱਚ ਅੱਜ 214 ਹੋਰ ਵਿਅਕਤੀਆਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਸੈਕਟਰ 41 ਨਿਵਾਸੀ 75 ਸਾਲਾ ਕਰੋਨਾ ਪੀੜਤ ਔਰਤ ਦੀ ਮੌਤ ਵੀ ਹੋ ਗਈ ਹੈ ਜੋ ਸਾਹ ਦੀ ਸਮੱਸਿਆ ਦੇ ਚਲਦਿਆਂ ਮੁਹਾਲੀ ਦੇ ਆਈ.ਵੀ. ਹਸਪਤਾਲ ਵਿੱਚ ਇਲਾਜ ਅਧੀਨ ਸੀ। ਇਸ ਤੋਂ ਇਲਾਵਾ 82 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਮਹਾਮਾਰੀ ਦੇ 258 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 22 ਹਜ਼ਾਰ 912 ’ਤੇ ਪਹੁੰਚ ਗਈ ਹੈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਕਰੋਨਾ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 26 ਨਵੇਂ ਮਾਮਲੇ ਸਾਹਮਣੇ ਆਏ ਹਨ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 68 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਕਰੋਨਾ ਦੇ 166 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ।
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ 88 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਅੱਜ 20 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।