ਰਵਿੰਦਰ ਰਵੀ
ਬਰਨਾਲਾ, 10 ਸਤੰਬਰ
ਐੱਸਡੀ ਕਾਲਜ ਦੇ ਬੈਚਲਰ ਆਫ਼ ਵੋਕੇਸ਼ਨ (ਬੀ.ਵੌਕ.) ਡਿਗਰੀ ਕੋਰਸ ਲਈ ਬਣਾਏ ਅਤਿ ਆਧੁਨਿਕ ਮਲਟੀਮੀਡੀਆ ਸਟੂਡੀਓ ਦਾ ਉਦਘਾਟਨ ਕੀਤਾ ਗਿਆ। ਮੁੱਖ ਮਹਿਮਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਫੂਲਕਾ (ਆਈ.ਏ ਐਸ) ਨੇ ਰਬਿਨ ਕੱਟ ਕੇ ਰਸਮੀ ਉਦਘਾਟਨ ਕੀਤਾ। ਪ੍ਰਸਿੱਧ ਚਿੰਤਕ ਅਤੇ ਨਾਮਵਰ ਪੱਤਰਕਾਰ ਬਲਤੇਜ ਪੰਨੂ ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਪਧਾਰੇ। ਉਨ੍ਹਾਂ ਆਪਣੇ ਸੰਬੋਧਨ ਵਿਚ ਪੱਤਰਕਾਰੀ ਦੇ ਖੇਤਰ ਵਿਚ ਆ ਰਹੇ ਨਿਘਾਰ ’ਤੇ ਚਿੰਤਾ ਪ੍ਰਗਟਾਉਂਦਿਆਂ ਇਹ ਆਸ ਜਤਾਈ ਕਿ ਸੋਸ਼ਲ ਮੀਡੀਆ ਨੇ ਰਵਾਇਤੀ ਪੱਤਰਕਾਰੀ ਨੂੰ ਵੱਡੀ ਚੁਣੌਤੀ ਦਿੱਤੀ ਹੈ। ਗੋਦੀ ਮੀਡੀਆ ਦੇ ਇਸ ਯੁੱਗ ਵਿਚ ਸੋਸ਼ਲ ਮੀਡੀਆ ਆਮ ਲੋਕਾਂ ਦੀ ਆਵਾਜ਼ ਬਣ ਕੇ ਉੱਭਰਿਆ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਇਹ ਮਲਟੀਮੀਡੀਆ ਸਟੂਡੀਓ ਅਸਲ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਦੇ ਨਾਲ-ਨਾਲ ਇਸ ਸੰਸਥਾ ਦੀ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਗਟਾਵੇ ਦਾ ਵੀ ਇਜ਼ਹਾਰ ਹੈ।ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਮਹਿਮਾਨਾਂ ਦੇ ਨਾਲ ਨਾਲ ਸਟੂਡੀਓ ਬਣਾਉਣ ਵਾਲੇ ਠੇਕੇਦਾਰ ਦਾ ਵੀ ਸਨਮਾਨ ਕੀਤਾ।