ਪੱਤਰ ਪ੍ਰੇਰਕ
ਘਨੌਰ, 6 ਦਸੰਬਰ
ਕਸਬੇ ਦੀ ਇੱਕ ਮਨੀ ਐਕਸਚੇਂਜ ਦੁਕਾਨ ਵਿੱਚੋਂ ਚਾਰ ਅਣਪਛਾਤੇ ਹਥਿਆਰਬੰਦ ਲੁਟੇਰੇ ਪਿਸਤੌਲ ਵਿਖਾ ਕੇ 86 ਹਜ਼ਾਰ 300 ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਕਸਬਾ ਘਨੌਰ ਦੀ ਸੰਨ ਸਾਈਜ਼ ਇੰਟਰਪ੍ਰਾਈਜਜ਼ ਮਨੀ ਐਕਸਚੇਂਜ ਨਾਮੀਂ ਦੁਕਾਨ ਦੇ ਮਾਲਕ ਪਰਦੀਪ ਕੁਮਾਰ ਤੁਲੀ ਨੇ ਦੱਸਿਆ ਕਿ ਉਹ ਦੁਕਾਨ ਦੀ ਮਹਿਲਾ ਕਰਮਚਾਰੀ ਨੂੰ ਦੁਕਾਨ ’ਤੇ ਬਿਠਾ ਕੇ ਥੋੜ੍ਹੀ ਦੇਰ ਲਈ ਆਪਣੇ ਘਰ ਚਲਾ ਗਿਆ ਸੀ ਕਿ ਦੋ ਮੋਟਰਸਾਈਕਲਾਂ ’ਤੇ ਚਾਰ ਅਣਪਛਾਤੇ ਲੁਟੇਰੇ ਆਏ ਜਿਨ੍ਹਾਂ ਕੋਲ ਹਥਿਆਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਦੁਕਾਨ ਦੀ ਮਹਿਲਾ ਕਰਮਚਾਰੀ ਨੂੰ ਪਿਸਤੌਲ ਵਿਖਾਕੇ ਡਰਾ ਕੇ ਦੁਕਾਨ ਵਿੱਚ ਲੱਗੇ ਪਰਦੇ ਪਿੱਛੇ ਬੈਠਾ ਦਿੱਤਾ ਅਤੇ ਲੁਟੇਰੇ ਦੁਕਾਨ ਵਿੱਚ ਪਈ ਗੋਲਕ ਨੂੰ ਤੋੜ ਕੇ ਉਸ ਵਿੱਚ ਪਈ 86 ਹਜ਼ਾਰ 300 ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਘਨੌਰ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਦੁਕਾਨਦਾਰ ਨੇ ਦੱਸਿਆ ਕਿ ਇਹ ਰਾਸ਼ੀ ਉਸ ਦੀ ਸ਼ਨਿਚਰਵਾਰ ਅਤੇ ਐਤਵਾਰ ਦੇ ਵਿੱਤੀ ਲੈਣ-ਦੇਣ ਦੇ ਕਾਰੋਬਾਰ ਦੀ ਸੀ।
ਮੁਲਜ਼ਮ ਜਲਦੀ ਹੀ ਕਾਬੂ ਕਰ ਲਏ ਜਾਣਗੇ: ਥਾਣਾ ਮੁਖੀ
ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਦੁਕਾਨ ਨੇੜਲੀਆਂ ਹੋਰਨਾਂ ਦੁਕਾਨਾਂ ਅਤੇ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।