ਇਹ ਕੈਸੀ ਸਿਆਸਤ?
ਕਰੋਨਾ ਮਹਾਮਾਰੀ ਦੇ ਦੌਰ ਵਿਚ ਕਿਸ ਤਰ੍ਹਾਂ ਸਿਆਸਤ ਕੀਤੀ ਜਾ ਰਹੀ ਹੈ, ਇਸ ਬਾਰੇ 20 ਅਪਰੈਲ ਦੀਆਂ ਕੁਝ ਖ਼ਬਰਾਂ ਦਾ ਹਵਾਲਾ ਦੇਣਾ ਚਾਹਾਂਗਾ। ਪਹਿਲੇ ਪੰਨੇ ’ਤੇ ‘ਪੱਛਮੀ ਬੰਗਾਲ ’ਚ ਹੁਣ ਵੱਡੀਆਂ ਰੈਲੀਆਂ ਨਹੀਂ ਕਰੇਗੀ ਭਾਜਪਾ’ ਸਿਰਲੇਖ ਹੇਠ ਖ਼ਬਰ ਛਪੀ ਹੈ ਜਿਸ ਵਿਚ ਲਿਖਿਆ ਹੈ ਕਿ ਆਗੂ ਜ਼ਿਆਦਾ ਤੋਂ ਜ਼ਿਆਦਾ 500 ਲੋਕਾਂ ਦੇ ਇਕੱਠ ਨੂੰ ਹੀ ਸੰਬੋਧਨ ਕਰਨਗੇ; ਮਤਲਬ 500 ਲੋਕਾਂ ਦਾ ਇਕੱਠ ਵੱਡਾ ਨਹੀ? ਕੇਂਦਰੀ ਸਿਹਤ ਮੰਤਰੀ ਦਾ ਬਿਆਨ ਪੰਨਾ ਨੰਬਰ 4 ’ਤੇ ‘ਹਰਸ਼ ਵਰਧਨ ਵੱਲੋਂ ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਨਿਖੇਧੀ’ ਛਪਿਆ ਹੈ। ਜੇਕਰ ਕੋਈ ਚੰਗਾ ਸੁਝਾਉ ਆਉਂਦਾ ਹੈ ਤਾਂ ਸਰਕਾਰ ਨੂੰ ਉਸ ’ਤੇ ਵਿਚਾਰ ਕਰਨ ਵਿਚ ਕੀ ਹਰਜ ਹੈ; ਜੇ ਸਰਕਾਰ ਨੂੰ ਠੀਕ ਨਹੀਂ ਲੱਗਦਾ ਤਾਂ ਅਖ਼ਬਾਰਾਂ ਵਿਚ ਅਜਿਹੇ ਬਿਆਨ ਛਪਵਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਸ ਬਿਮਾਰੀ ਤੋਂ ਆਮ ਲੋਕ ਡਰੇ ਹੋਏ ਹਨ। ਅਜਿਹੇ ਬਿਆਨਾਂ ਨਾਲ ਲੋਕਾਂ ਦੇ ਮਨਾਂ ਵਿਚ ਬੇਭਰੋਸਗੀ ਅਤੇ ਸ਼ੱਕ ਪੈਦਾ ਹੋਣੇ ਸੁਭਾਵਿਕ ਹਨ। ਇਸੇ ਅੰਕ ਦੇ ਪੰਨਾ ਨੰਬਰ 10 ’ਤੇ ਖ਼ਬਰ ਛਪੀ ਹੈ- ‘ਲੌਕਡਾਊਨ ਦੇ ਡਰੋਂ ਘਰਾਂ ਨੂੰ ਪਰਤਣ ਲੱਗੇ ਪਰਵਾਸੀ ਮਜ਼ਦੂਰ’। ਆਖ਼ਰ ਲੋਕਾਂ ਵਿਚ ਇਸ ਬਿਮਾਰੀ ਦੇ ਮੁਕਾਬਲੇ ਲਈ ਸਰਕਾਰ ਵਿਸ਼ਵਾਸ ਪੈਦਾ ਕਿਉਂ ਨਹੀਂ ਕਰ ਸਕੀ? ਇਸ ਪਾਸੇ ਸੰਜੀਦਗੀ ਨਾਲ ਕੰਮ ਦੀ ਲੋੜ ਹੈ।
ਸੁਰਜੀਤ ਸਿੰਘ ‘ਦੁਖੀ’, ਪਟਿਆਲਾ
ਕਰੋਨਾ ਦਾ ਗ਼ਰੀਬਾਂ ਉੱਤੇ ਮਾੜਾ ਅਸਰ
19 ਅਪਰੈਲ ਕੁਲਦੀਪ ਸਿੰਘ ਦਾ ਲੇਖ ‘ਕਰੋਨਾ ਦੌਰ ਦੇ ਵੱਡੇ ਸਦਮੇ’ ਪੜ੍ਹਿਆ। ਕਰੋਨਾ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਭ ਦੇਸ਼ਾਂ ਦੀ ਆਰਥਿਕਤਾ ਡਗਮਗਾ ਗਈ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਗ਼ਰੀਬ ਲੋਕਾਂ, ਮਜ਼ਦੂਰਾਂ ’ਤੇ ਪਿਆ ਹੈ। ਕਈ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ, ਕੁਝ ਘੱਟ ਤਨਖ਼ਾਹ ਉੱਤੇ ਕੰਮ ਕਰ ਰਹੇ ਹਨ। ਗਰੀਬ ਲੋਕਾਂ ਨੂੰ ਪਹਿਲਾਂ ਹੀ ਦੋ ਵੇਲੇ ਦੀ ਰੋਟੀ ਬੜੀ ਮੁਸ਼ਕਿਲ ਨਾਲ ਮਿਲਦੀ ਸੀ ਪਰ ਕਰੋਨਾ ਕਾਲ ਵਿਚ ਉਨ੍ਹਾਂ ਲਈ ਹੋਰ ਔਖਾ ਹੋ ਗਿਆ ਹੈ। ਇਸ ਤਰ੍ਹਾਂ ਤਾਂ ਮੁਲਕ ਵਿਚ ਭੁੱਖਮਰੀ ਫੈਲ ਸਕਦੀ ਹੈ। 16 ਅਪਰੈਲ ਨੂੰ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਜੇ ਲੌਕਡਾਊਨ ਹੀ ਹੱਲ ਹੈ ਤਾਂ ਫਿਰ ਸਿੱਖਿਆ ਕੀ?’ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ)
(2)
ਡਾ. ਕੁਲਦੀਪ ਸਿੰਘ ਦਾ ਲੇਖ ‘ਕਰੋਨਾ ਦੇ ਵੱਡੇ ਸਦਮੇ ‘ਪੜ੍ਹ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਕਰੋਨਾ ਵਰਗੀ ਬਿਮਾਰੀ ਨੇ ਮਨੁੱਖ ਨੂੰ ਤਾਂ ਜੋਖ਼ਮ ਵਿਚ ਪਾ ਹੀ ਦਿੱਤਾ ਹੈ; ਨਾਲ ਸਿੱਖਿਆ ਪ੍ਰਣਾਲੀ, ਆਰਥਿਕਤਾ ਨੂੰ ਵੀ ਸੰਕਟ ਵੱਲ ਧੱਕਾ ਦਿੱਤਾ ਹੈ।
ਰਾਜਵੀਰ ਕੌਰ ਚਹਿਲ, ਦਿਉਣ (ਬਠਿੰਡਾ)
ਅਮਰੀਕੀ ਇਨਕਲਾਬ
19 ਅਪਰੈਲ ਦੇ ਪਰਵਾਜ਼ ਪੰਨੇ ’ਤੇ ਐੱਸਪੀ ਸਿੰਘ ਦਾ ਲੇਖ ‘ਵੇਖੋ ਕਿੱਥੇ ਆਇਆ ਇਨਕਲਾਬ’ ਵਧੀਆ ਲੱਗਿਆ। ਇਹ ਇਨਕਲਾਬੀ ਲੋਕਾਂ ਦੇ ਲਾਜ਼ਮੀ ਪੜ੍ਹਨਯੋਗ ਹੋ ਨਿੱਬੜਿਆ ਕਿਉਂਕਿ ਸਾਮਰਾਜੀ ਤਾਕਤ ਅਮਰੀਕਾ ਦਾ ਵਿਹਾਰ ਆਸ ਦੇ ਉਲਟ ਰੁਖ਼ ਪ੍ਰਤੀਤ ਹੋਣਾ, ਅਫ਼ਗਾਨਿਸਤਾਨ ’ਚੋਂ ਫ਼ੌਜਾਂ ਵਾਪਸ ਬੁਲਾਉਣਾ, ਘੱਟਗਿਣਤੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ, ਵੱਡੀ ਪੱਧਰ ’ਤੇ ਨੌਕਰੀਆਂ ਦੇਣੀਆਂ ਆਦਿ ਸਵਾਲ ਬਣ ਗਿਆ ਹੈ। ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਕਰੋਨਾ ਦੌਰ ਦੇ ਵੱਡੇ ਸਦਮੇ’ ਚੰਗਾ ਸੀ। ਇਸ ਵਿਚ ਸੰਸਾਰ ਬੈਂਕ ਤੇ ਸੰਸਾਰ ਵਪਾਰ ਸੰਸਥਾ ਦੀ ਕਾਰਪੋਰੇਟ ਘਰਾਣਿਆਂ ਨੂੰ ਹੱਲਾਸ਼ੇਰੀ ਦੇਣ ਲਈ ਮਹੱਤਵਪੂਰਨ ਰੋਲ ਅਦਾ ਕਰਨ ਨੂੰ ਬਾਖ਼ੂਬੀ ਉਭਾਰਿਆ ਗਿਆ ਹੈ।
ਗੁਰਮੀਤ ਸੁਖਪੁਰ, ਈਮੇਲ
ਚੋਣ ਕਮਿਸ਼ਨ ਦਾ ਵਿਹਾਰ
15 ਅਪਰੈਲ ਦੀ ਸੰਪਾਦਕੀ ‘ਬੰਗਾਲ ਚੋਣਾਂ ਅਤੇ ਚੋਣ ਕਮਿਸ਼ਨ’ ਦੇ ਸ਼ੱਕੀ ਵਿਹਾਰ ਅਤੇ ਨੈਤਿਕਤਾ ਪੱਖੋਂ ਕੰਗਾਲ ਪ੍ਰਚਾਰਕਾਂ ਦੀ ਸ਼ਬਦਾਵਲੀ ਦਾ ਖ਼ੁਲਾਸਾ ਹੈ। ਜ਼ਿੰਮੇਵਾਰ ਨੇਤਾ ਵੀ ਮਾੜੇ ਅਤੇ ਹੋਛੇ ਬਿਆਨ ਦੇ ਰਹੇ ਹਨ। ਚੋਣ ਕਮਿਸ਼ਨ ਨੂੰ ਵੀ ਮਮਤਾ ਬੈਨਰਜੀ ਦਾ ਬਿਆਨ, ਅਰਧ ਸੈਨਿਕਾਂ ਦਾ ਮਨੋਬਲ ਗਿਰਾਉਣ ਵਾਲਾ ਲੱਗਿਆ ਹੈ ਪਰ ਬੰਗਾਲ ਦੀ ਪੁਲੀਸ ’ਤੇ ਵਿਸ਼ਵਾਸ ਨਾ ਕਰਨ ਨਾਲ ਕੀ ਬੰਗਾਲ ਦੀ ਪੁਲੀਸ ਦਾ ਮਨੋਬਲ ਨਹੀਂ ਡਿੱਗਿਆ? ਕੇਂਦਰ ਸਰਕਾਰ ਆਪਣੀ ਹਰ ਤਰ੍ਹਾਂ ਦੀ ਸ਼ਕਤੀ ਬੰਗਾਲ ਚੋਣਾਂ ਵਿਚ ਵਰਤ ਰਹੀ ਹੈ। ਦੂਜੇ ਪਾਸੇ ਮਮਤਾ ਬੈਨਰਜੀ ਇਕੱਲੀ ਹੀ ਇਨ੍ਹਾਂ ਸਾਰੀਆਂ ਸ਼ਕਤੀਆਂ ਦਾ ਟਾਕਰਾ ਕਰ ਰਹੀ ਹੈ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਸੰਘਰਸ਼ਾਂ ਦਾ ਰਾਹ
20 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਪ੍ਰਿੰ. ਸਰਵਣ ਸਿੰਘ ਦੇ ਲੇਖ ‘ਕਿਰਤੀਆਂ ਦੇ ਵਿਹੜੇ ਦਾ ਮਘਦਾ ਸੂਰਜ’ ਵਿਚ ਲੋਕ ਕਵੀ ਸੰਤ ਰਾਮ ਉਦਾਸੀ ਦੇ ਜੀਵਨ ਬਾਰੇ ਪੜ੍ਹ ਕੇ ਅੱਖਾਂ ਨਮ ਹੋ ਗਈਆਂ ਕਿ ਕਿਸ ਤਰ੍ਹਾਂ ਸਮੇਂ ਦੇ ਸਿਸਟਮ ਦਾ ਝੰਬਿਆ ਕਿਰਤੀਆਂ ਦੇ ਵਿਹੜੇ ਦਾ ਇਹ ਸੂਰਜ ਅਸਤ ਹੋ ਗਿਆ। ਸਿਸਟਮ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗਾਉਣ ਵਾਲੇ ਲੋਕ-ਪੱਖੀ ਗਾਇਕ ਕਿਸ ਤਰ੍ਹਾਂ ਸਿਸਟਮ ਦੀਆਂ ਅੱਖਾਂ ਵਿਚ ਰੋੜ ਵਾਂਗ ਰੜਕਦੇ ਹਨ, ਇਹ ਉਦਾਸੀ ਦੀ ਵਹਿਸ਼ੀਆਨਾ ਕੁੱਟ ਦੱਸਦੀ ਹੈ। ਉਦਾਸੀ ਨੇ ਸਦਾ ਹੀ ਲੋਕ-ਪੱਖੀ ਸੰਘਰਸ਼ਾਂ ਦਾ ਰਾਹ ਫੜਨ ਦੀ ਗੱਲ ਕੀਤੀ।
ਬਲਵੀਰ ਸਿੰਘ ਬਾਸੀਆਂ, ਬਾਸੀਆਂ ਬੇਟ (ਲੁਧਿਆਣਾ)