ਸੁਰਿੰਦਰ ਸਿੰਘ ਤੇਜ
ਮੋਈਨ ਅਲੀ ਇੰਗਲਿਸਤਾਨੀ ਕ੍ਰਿਕਟਰ ਹੈ। ਬ੍ਰਿਟੇਨ ਦਾ ਜੰਮ-ਪਲ, ਪਰ ਜ਼ੱਦ ਤੋਂ ਮੀਰਪੁਰੀ। ਡੇਢ ਮਹੀਨਾ ਪਹਿਲਾਂ ਇਕ ਭਾਰਤੀ ਟੀ.ਵੀ. ਚੈਨਲ ਦੇ ਨਾਮਾਨਿਗਾਰ ਨੇ ਉਸ ਨੂੰ ਘੇਰ ਲਿਆ। ਕਈ ਬੇਤੁਕੇ ਸਵਾਲ ਕੀਤੇ। ਇਕ ਸਵਾਲ ਸੀ ਕਿ ਮੋਈਨ ਖ਼ੁਦ ਨੂੰ ਪਾਕੀ-ਬ੍ਰਿਟਿਸ਼ ਮੰਨਦਾ ਹੈ ਜਾਂ ਕੋਈ ਹੋਰ। ਮੋਈਨ ਦਾ ਜਵਾਬ ਸੀ: ਨਹੀਂ, ਸਿਰਫ਼ ਬ੍ਰਿਟਿਸ਼। ਹਾਂ, ਜੇ ਨਸਲ ਦੀ ਗੱਲ ਕਰਨੀ ਹੋਵੇ ਤਾਂ ਬ੍ਰਿਟਿਸ਼ ਏਸ਼ੀਅਨ। ‘‘ਪਰ ਮੀਰਪੁਰ ਤਾਂ ਪਾਕਿਸਤਾਨ ਵਿਚ ਹੈ?’’, ਨਾਮਾਨਿਗਾਰ ਦਾ ਸਵਾਲ ਸੀ। ਮੋਈਨ ਨੇ ਤਹੱਮਲ ਨਾਲ ਜਵਾਬ ਦਿੱਤਾ: ‘‘ਨਹੀਂ, ਮੀਰਪੁਰ ਕਸ਼ਮੀਰ ਵਿਚ ਪੈਂਦਾ ਹੈ।’’ ਨਾਮਾਨਿਗਾਰ ਆਪਣੀ ਥਾਂ ਤਕਨੀਕੀ ਤੌਰ ’ਤੇ ਦਰੁਸਤ ਸੀ, ਪਰ ਉਸ ਦੇ ਸਵਾਲਾਂ ਵਿਚੋਂ ਉਸ ਕਸ਼ਮੀਰ ਬਾਰੇ ਅਗਿਆਨ ਦੀ ਬੂਅ ਆਉਂਦੀ ਸੀ ਜਿਸ ਨੂੰ ਅਸੀਂ ਭਾਰਤੀ ‘ਮਕਬੂਜ਼ਾ ਕਸ਼ਮੀਰ’ ਕਹਿੰਦੇ ਹਾਂ ਅਤੇ ਪਾਕਿਸਤਾਨੀ ‘ਆਜ਼ਾਦ ਕਸ਼ਮੀਰ’। ਉਹ ਸ਼ਾਇਦ ਮੋਈਨ ਨੂੰ ਉਸ ਦੀ ਕੌਮੀਅਤ ਬਾਰੇ ਕੁੜਿੱਕੀ ’ਚ ਫਸਾਉਣਾ ਚਾਹੁੰਦਾ ਸੀ, ਪਰ ਅਜਿਹਾ ਕਰ ਨਾ ਸਕਿਆ। ਮੋਈਨ 15 ਵਰ੍ਹਿਆਂ ਤੋਂ ਪੇਸ਼ੇਵਾਰਾਨਾ ਕ੍ਰਿਕਟ ਖੇਡਦਾ ਆ ਰਿਹਾ ਹੈ। ਅਜਿਹਾ ਕ੍ਰਿਕਟ, ਖਿਡਾਰੀਆਂ ਨੂੰ ਡਿਪਲੋਮੇਸੀ ਦੇ ਸਾਰੇ ਦਾਅ-ਪੇਚ ਸਿਖਾ ਦਿੰਦਾ ਹੈ। ਇਹੋ ਸੁਹਜ ਤੇ ਸੂਝ ਮੋਈਨ ਨੇ ਦਿਖਾਈ।
ਗੱਲ ਮਕਬੂਜ਼ਾ ਕਸ਼ਮੀਰ ਬਾਰੇ ਅਗਿਆਨ ਦੀ ਚੱਲ ਰਹੀ ਹੈ, ਇਸ ਲਈ ਸਾਨੂੰ ਇਹ ਹਕੀਕਤ ਕਬੂਲਣ ਵਿਚ ਝਿਜਕ ਨਹੀਂ ਹੋਣੀ ਚਾਹੀਦੀ ਕਿ ਅਸੀਂ ਉਸ ਕਸ਼ਮੀਰ ਬਾਰੇ ਬਹੁਤ ਘੱਟ ਜਾਣਦੇ ਹਾਂ ਜਿਹੜਾ ਭਾਰਤ ਦੇ ਨਕਸ਼ੇ ਵਿਚ ਤਾਂ ਸ਼ੁਮਾਰ ਹੈ, ਪਰ ਭਾਰਤੀ ਭੂਗੋਲਿਕ ਹੱਦਾਂ ਦੇ ਅੰਦਰ ਨਹੀਂ। ਅਸੀਂ ਮੀਡੀਆ ਵਾਲੇ ਵੀ ਉਸ ਬਾਰੇ ਸਿਰਫ਼ ਓਨਾ ਕੁ ਜਾਣਦੇ ਹਾਂ ਜੋ ਖ਼ਬਰ ਏਜੰਸੀਆਂ ਦੇ ਡਿਸਪੈਚਾਂ ਜਾਂ ਸਰਕਾਰੀ ਸਰੋਤਾਂ ਦੇ ਕੂੜ ਪ੍ਰਚਾਰ ਰਾਹੀਂ ਸਾਡੇ ਤੱਕ ਪੁੱਜਦਾ ਹੈ। ਮੀਰਪੁਰ, ਮਕਬੂਜ਼ਾ ਕਸ਼ਮੀਰ ਦਾ ਜ਼ਿਲ੍ਹਾ ਹੈ। ਬ੍ਰਿਟੇਨ ਵਿਚ ਵਸੇ 70 ਫ਼ੀਸਦੀ ਪਾਕਿਸਤਾਨੀ ਪਰਵਾਸੀ ਜ਼ੱਦ ਪੱਖੋਂ ਮੀਰਪੁਰੀ ਹਨ, ਪਰ ਕੀ ਵਾਦੀ ਵਾਲੇ ਜਾਂ ਮੁਜ਼ੱਫ਼ਰਾਬਾਦ ਵਾਲੇ ਕਸ਼ਮੀਰੀ, ਉਨ੍ਹਾਂ ਨੂੰ ਕਸ਼ਮੀਰੀ ਮੰਨਦੇ ਹਨ? ਇਸ ਸਵਾਲ ਦਾ ਜਵਾਬ ਹੈ: ਤਹਿ-ਦਿਲੋਂ ਨਹੀਂ। ਦਰਅਸਲ, ਮੀਰਪੁਰੀਏ ਕਸ਼ਮੀਰੀ ਜ਼ੁਬਾਨ ਜਾਣਦੇ ਹੀ ਨਹੀਂ। ਉਹ ਜਾਂ ਤਾਂ ਪੰਜਾਬੀ ਬੋਲਦੇ ਹਨ ਜਾਂ ਉਰਦੂ। ਇਹੋ ਕੁਝ ਮੋਈਨ ਅਲੀ ’ਤੇ ਵੀ ਢੁੱਕਦਾ ਹੈ। ਪਰਵਾਸੀਆਂ ਦੀ ਤੀਜੀ ਪੀੜ੍ਹੀ ਤੋਂ ਹੋਣ ਕਰਕੇ ਅੰਗਰੇਜ਼ੀ ਤਾਂ ਹੁਣ ਉਸ ਲਈ ਮਾਤ-ਭਾਸ਼ਾ ਵਾਂਗ ਹੈ, ਪਰ ਪੰਜਾਬੀ ਤੇ ਉਰਦੂ ਵੀ ਉਹ ਚੰਗੀ ਬੋਲ ਲੈਂਦਾ ਹੈ। ਕਸ਼ਮੀਰੀ ਤੋਂ ਉਹ ਉੱਕਾ ਹੀ ਨਾਵਾਕਫ਼ ਹੈ। ਇਹੋ ਹਕੀਕਤ 90 ਫ਼ੀਸਦੀ ਮੀਰਪੁਰੀਆਂ ਉੱਤੇ ਲਾਗੂ ਹੁੰਦੀ ਹੈ। ਇਸ ਦੇ ਬਾਵਜੂਦ ਮੀਰਪੁਰ ਜ਼ਿਲ੍ਹੇ ਨੇ ਮਕਬੂਜ਼ਾ ਕਸ਼ਮੀਰ ਨੂੰ ਚਾਰ ਸਦਰ (ਰਾਸ਼ਟਰਪਤੀ) ਤੇ ਪੰਜ ਪ੍ਰਧਾਨ ਮੰਤਰੀ (ਅਸਲ ’ਚ ਮੁੱਖ ਮੰਤਰੀ) ਮੁਹੱਈਆ ਕਰਵਾਏ। ਇਸੇ ਤਰ੍ਹਾਂ (ਮਕਬੂਜ਼ਾ) ਕਸ਼ਮੀਰ ਅਸੈਂਬਲੀ ਦੀ ਅਧਿਕਾਰਤ ਜ਼ੁਬਾਨ ਵੀ ਉਰਦੂ ਹੈ, ਕਸ਼ਮੀਰੀ ਨਹੀਂ।
ਉਪਰੋਕਤ ਤੱਥ ਕੌਮਾਂਤਰੀ ਮੰਚਾਂ ਉੱਤੇ ਭਾਰਤ ਵੱਲੋਂ ਭੁਨਾਏ ਜਾਣੇ ਚਾਹੀਦੇ ਸਨ, ਪਰ ਅਜਿਹਾ ਕਰਨ ਦਾ ਸੰਜੀਦਾ ਤੇ ਸੰਗਠਿਤ ਯਤਨ ਪਿਛਲੇ ਸੱਤ ਦਹਾਕਿਆਂ ਦੌਰਾਨ ਨਜ਼ਰ ਨਹੀਂ ਆਇਆ। ਇਸ ਦੀ ਇਕ ਵਜ੍ਹਾ ਹੈ ਕਿ 1948 ਵਿਚ ਗੋਲੀਬੰਦੀ ਰੇਖਾ, ਜਿਸ ਨੂੰ ਹੁਣ ਕੰਟਰੋਲ ਰੇਖਾ (ਐਲਓਸੀ) ਕਿਹਾ ਜਾਂਦਾ ਹੈ, ਦੇ ਨਾਮ ’ਤੇ ਜੋ ਭੂਗੋਲਿਕ ਸਥਿਤੀ ਬਣੀ, ਉਸ ਨੂੰ ਸਾਡੇ ਰਾਜਨੇਤਾਵਾਂ ਨੇ ਸਿਆਸੀ, ਕੌਮਾਂਤਰੀ ਅਤੇ ਸ਼ਾਇਦ ਰਣਨੀਤਕ ਮਜਬੂਰੀਆਂ ਕਾਰਨ ਅਸਲ ਸਰਹੱਦ ਵਜੋਂ ਸਵੀਕਾਰ ਲਿਆ। ਜੋ ਕਸ਼ਮੀਰ ਜਾਂ ਉੱਤਰੀ ਇਲਾਕੇ (ਨਾਰਦਰਨ ਏਰੀਆਜ਼) ਪਾਕਿਸਤਾਨੀ ਕਬਜ਼ੇ ਹੇਠ ਚਲੇ ਗਏ, ਉਨ੍ਹਾਂ ਨੂੰ ਸਾਡੇ ਨਕਸ਼ਿਆਂ ਵਿਚ ਤਾਂ ਭਾਰਤ ਦਾ ਹਿੱਸਾ ਦਿਖਾਇਆ ਜਾਂਦਾ ਹੈ, ਪਰ ਉਨ੍ਹਾਂ ਉੱਤੇ ਕਾਬਜ਼ ਹੋਣ ਦੀ ਰਣਨੀਤਕ ਦ੍ਰਿੜ੍ਹਤਾ ਸਾਡੀ ਕਿਸੇ ਵੀ ਸਰਕਾਰ ਨੇ ਨਹੀਂ ਦਿਖਾਈ। ਸ਼ਾਇਦ ਮੁਸਲਿਮ ਵਸੋਂ ਹੋਰ ਵਧ ਜਾਣ ਦੇ ਹਊਏ ਕਾਰਨ। ਅਸਲੀਅਤ ਇਹ ਵੀ ਹੈ ਕਿ ਪਾਕਿਸਤਾਨੀ ਕਬਜ਼ੇ ਹੇਠਲੇ ਇਲਾਕਿਆਂ ਦਾ ਭੂਗੋਲਿਕ ਰਕਬਾ, ਸਾਡੇ ਵਾਲੇ ਜੰਮੂ ਕਸ਼ਮੀਰ ਤੇ ਲੱਦਾਖ ਤੋਂ ਵੱਡਾ ਹੈ। ਨਾਰਦਰਨ ਏਰੀਆਜ਼ ਨੂੰ ਪਾਕਿਸਤਾਨ ਨੇ 1949 ਵਿਚ ਹੀ (ਆਜ਼ਾਦ) ਕਸ਼ਮੀਰ ਨਾਲੋਂ ਅਲਹਿਦਾ ਕਰ ਦਿੱਤਾ ਸੀ ਅਤੇ ਫਿਰ 1966 ਵਿਚ ਇਨ੍ਹਾਂ ਦਾ 1942 ਵਰਗ ਕਿਲੋਮੀਟਰ ਰਕਬਾ ਚੀਨ ਦੇ ਹਵਾਲੇ ਕਰ ਦਿੱਤਾ ਸੀ। ਹੁਣ ਇਸੇ ਖਿੱਤੇ ਨੂੰ ਗਿਲਗਿਤ ਬਾਲਟਿਸਤਾਨ ਦੇ ਨਾਂ ਹੇਠ ਪਾਕਿਸਤਾਨ ਦਾ ਪੰਜਵਾਂ ਸੂਬਾ ਗ਼ੈਰ-ਰਸਮੀ ਤੌਰ ’ਤੇ ਮੰਨ ਲਿਆ ਗਿਆ ਹੈ। ਇਸ ਦੀ ਵੱਖਰੀ ਅਸੈਂਬਲੀ ਬਣ ਚੁੱਕੀ ਹੈ। (ਕੁਝ ਕਾਨੂੰਨੀ ਪੇਚੀਦਗੀਆਂ ਕਾਰਨ) ਸੂਬੇ ਵਾਲੇ ਦਰਜੇ ਉੱਤੇ ਰਸਮੀ ਮੋਹਰ ਲੱਗਣੀ ਸਿਰਫ਼ ਬਾਕੀ ਹੈ। ਸਾਡੀਆਂ ਸਰਕਾਰਾਂ ਨੇ ਅਜਿਹੀਆਂ ਚਾਲਾਂ-ਕੁਚਾਲਾਂ ਖ਼ਿਲਾਫ਼ ਕੌਮਾਂਤਰੀ ਮੰਚਾਂ ’ਤੇ ਕੋਈ ਹਾਲ-ਦੁਹਾਈ ਨਹੀਂ ਪਾਈ। ਇਹ ਇਕ ਵਿਡੰਬਨਾ ਹੈ ਕਿ ਨਕਸ਼ੇ ਵਿਚ ਭਾਰਤੀ ਹੱਦ ਅਫ਼ਗਾਨਿਸਤਾਨ ਨਾਲ ਲੱਗਦੀ ਹੈ, ਪਰ ਅਸਲ ਵਿਚ ਉਹ ਸਾਰਾ ਖਿੱਤਾ ਪਾਕਿਸਤਾਨੀ ਕਬਜ਼ੇ ਹੇਠ ਹੈ ਅਤੇ ਪਾਕਿਸਤਾਨ ਰਾਹੀਂ ਚੀਨ ਨੂੰ ਵੀ ਅਫ਼ਗਾਨਿਸਤਾਨ ਨਾਲ ਸਿੱਧੇ ਤੌਰ ’ਤੇ ਜੋੜਦਾ ਹੈ। ਅਕਤੂਬਰ 1947 ਵਿਚ ਕਬਾਇਲੀ ਧਾੜਵੀਆਂ ਦੇ ਲਬਾਦੇ ਹੇਠ ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਉੱਤੇ ਜੋ ਹਮਲਾ ਕੀਤਾ ਸੀ, ਉਹ ਨਾਰਦਰਨ ਏਰੀਆਜ਼ ਤੋਂ ਹੀ ਸ਼ੁਰੂ ਹੋਇਆ ਸੀ। ਹਮਲਾਵਰਾਂ ਨੇ ਜਨਵਰੀ 1948 ਵਿਚ ਕਾਰਗਿਲ ਤੇ ਦਰਾਸ ’ਤੇ ਕਬਜ਼ਾ ਕਰ ਕੇ ਲੱਦਾਖ ਖਿੱਤੇ ਨੂੰ ਬਾਕੀ ਭਾਰਤ ਨਾਲੋਂ ਕੱਟ ਦਿੱਤਾ ਸੀ। ਭਾਰਤੀ ਫ਼ੌਜ ਨੇ ਕਾਰਗਿਲ ਤੇ ਦਰਾਸ ਤਾਂ ਮੁਕਤ ਕਰਵਾ ਲਏ, ਪਰ ਸਕਰਦੂ (ਗਿਲਗਿਤ ਦਾ ਸਭ ਤੋਂ ਵੱਡਾ ਸ਼ਹਿਰ) ਇਸ ਦੀ ਮਾਰ ਹੇਠ ਹੋਣ ਦੇ ਬਾਵਜੂਦ ਗੋਲੀਬੰਦੀ ਦੇ ਨਾਂਅ ’ਤੇ ਮੁਕਤ ਨਾ ਕਰਵਾਇਆ ਗਿਆ। ਇਸ ਤੋਂ ਬਾਅਦ ਇਸ ਇਲਾਕੇ ਵੱਲ ਕੋਈ ਫ਼ੌਜੀ ਚੜ੍ਹਾਈ ਨਹੀਂ ਕੀਤੀ ਗਈ, ਨਾ 1965 ਵਿਚ ਤੇ ਨਾ 1971 ਵਿਚ।
ਅਜਿਹੇ ਬਹੁਤ ਸਾਰੇ ਤੱਤ ਤੇ ਤੱਥ ਸਾਬਕਾ ਰਾਜਦੂਤ ਦਿਨਕਰ ਪੀ. ਸ੍ਰੀਵਾਸਤਵ ਦੀ ਕਿਤਾਬ ‘ਫੋਰਗੌਟਨ ਕਸ਼ਮੀਰ’ (ਵਿਸਰਿਆ ਕਸ਼ਮੀਰ) (ਹਾਰਪਰ ਕੌਲਿਨਜ਼; 304 ਪੰਨੇ, 699 ਰੁਪਏ) ਵਿਚ ਸ਼ਾਮਲ ਹਨ। ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਦਾ ਹਿੱਸਾ ਰਹੇ ਅਫ਼ਸਰਾਂ ਦੀਆਂ ਕਿਤਾਬਾਂ ਅਕਸਰ ਵੱਧ ਇਹਤਿਆਤ ਨਾਲ ਪੜ੍ਹਨੀਆਂ ਪੈਂਦੀਆਂ ਹਨ। ਉਨ੍ਹਾਂ ਦੀ ਸੋਚ-ਸੁਹਜ ਉੱਤੇ ਕੌਮਪ੍ਰਸਤੀ ਦੀ ਪਾਣ ਕੁਝ ਜ਼ਿਆਦਾ ਹੀ ਚੜ੍ਹੀ ਹੁੰਦੀ ਹੈ- ਕੁਝ ਸਿਖਲਾਈ, ਅਭਿਆਸ ਤੇ ਪੇਸ਼ੇਵਾਰਾਨਾ ਮਜਬੂਰੀਆਂ ਕਰਕੇ ਅਤੇ ਕੁਝ ਸੇਵਾ-ਮੁਕਤੀ ਤੋਂ ਬਾਅਦ ਕੋਈ ਉੱਚ ਸਰਕਾਰੀ ਰੁਤਬਾ ਹਾਸਿਲ ਕਰ ਲੈਣ ਦੀ ਲਾਲਸਾ ਕਾਰਨ। ਤੱਥਾਂ ਦੀ ਪੱਖਪਾਤੀ ਵਰਤੋਂ ਤੇ ਵਿਆਖਿਆ ਅਕਸਰ ਅਜਿਹੀਆਂ ਕਿਤਾਬਾਂ ’ਤੇ ਹਾਵੀ ਹੁੰਦੀ ਹੈ। ‘ਫੋਰਗੌਟਨ ਕਸ਼ਮੀਰ’ ਇਸ ਮਰਜ਼ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ, ਪਰ ਲੇਖਕ ਨੇ ਸੰਤੁਲਨ ਬਣਾਈ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਉਸ ਨੇ ਜਸਟਿਸ ਐਮ.ਵਾਈ. ਸਰਾਫ਼, ਜਸਟਿਸ ਹਾਫਿਜ਼ ਗਿਲਾਨੀ, ਕੁਦਰਤ ਉੱਲਾ ਸ਼ਾਹਾਬ, ਮੇਜਰ ਜਨਰਲ ਅਕਬਰ ਖ਼ਾਨ ਤੇ ਸਰਦਾਰ ਇਬਰਾਹੀਮ ਖ਼ਾਨ (ਸਾਰੇ ਪਾਕਿਸਤਾਨੀ/ਮਕਬੂਜ਼ਾ ਕਸ਼ਮੀਰੀ) ਦੀਆਂ ਕਿਤਾਬਾਂ ਨੂੰ ਮੂਲ ਆਧਾਰ ਵਜੋਂ ਵਰਤਿਆ ਹੈ ਤਾਂ ਜੋ ਹਰ ਧਾਰਨਾ-ਅਵਧਾਰਨਾ ਆਬਜੈਕਟਿਵ ਢੰਗ ਨਾਲ ਨਿਰਖੀ-ਪਰਖੀ ਜਾ ਸਕੇ। ਕਿਤਾਬ ਇਤਿਹਾਸ ਵੀ ਹੈ ਅਤੇ ਪਿਛਲੇ ਸੱਤ ਦਹਾਕਿਆਂ ਦੀਆਂ ਘਟਨਾਵਾਂ ਉੱਤੇ ਤਬਸਰਾ ਵੀ। ਇਸ ਤੋਂ ਵੀ ਵੱਡੀ ਗੱਲ: ਮਕਬੂਜ਼ਾ ਕਸ਼ਮੀਰ ਬਾਰੇ ਜਾਣਕਾਰੀ ਦਾ ਪਾੜਾ ਪੂਰਨ ਦਾ ਸੰਜੀਦਾ ਉਪਰਾਲਾ ਹੈ ਇਹ ਕਿਤਾਬ।
* * *
ਐਡ੍ਰੀਅਨ ਲੈਵੀ ਤੇ ਕੈਥਰੀਨ ਸਕੌਟ-ਕਲਾਰਕ ਡੇਢ ਦਹਾਕਾ ਪਹਿਲਾਂ ਤਕ ਦੋ ਬ੍ਰਿਟਿਸ਼ ਅਖ਼ਬਾਰਾਂ ਨਾਲ ਜੁੜੇ ਨਾਮੀ ਪੱਤਰਕਾਰ ਸਨ। ਮੁੱਖ ਤੌਰ ’ਤੇ ਦੱਖਣੀ ਏਸ਼ੀਆ ਵਿਚ ਤਾਇਨਾਤ ਰਹਿਣ ਕਾਰਨ ਇਨ੍ਹਾਂ ਨੇ ਸਰੋਤਾਂ ਤੇ ਸੰਪਰਕਾਂ ਦਾ ਦਾਇਰਾ ਕਾਫ਼ੀ ਵਿਸ਼ਾਲ ਬਣਾ ਲਿਆ। ਰਣਨੀਤਕ ਮਾਮਲਿਆਂ, ਖ਼ਾਸ ਕਰਕੇ ਫ਼ੌਜੀ ਹਮਲਿਆਂ ਅਤੇ ਖ਼ੁਫ਼ੀਆ ਏਜੰਸੀਆਂ ਦੇ ਕੰਮਾਂ-ਕਾਰਾਂ ਤੇ ਪ੍ਰਾਪਤੀਆਂ-ਅਪ੍ਰਾਪਤੀਆਂ ਬਾਰੇ ਕਿਤਾਬਾਂ ਲਿਖਣ ਪੱਖੋਂ ਇਹ ਦਾਇਰਾ ਚੋਖਾ ਮਦਦਗਾਰ ਸਾਬਤ ਹੋ ਰਿਹਾ ਹੈ। 2005 ਤੋਂ ਬਾਅਦ ਇਸ ਜੋੜੀ ਦੀਆਂ ਸੀ.ਆਈ.ਏ., ਅਫ਼ਗਾਨਿਸਤਾਨ ਅਤੇ ਵੱਡੇ ਦਹਿਸ਼ਤੀ ਹਮਲਿਆਂ ਸਬੰਧੀ ਸੱਤ ਕਿਤਾਬਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਪੰਜ ਅਫ਼-ਪਾਕਿ ਖਿੱਤੇ ਅਤੇ ਭਾਰਤੀ ਉਪ ਮਹਾਂਦੀਪ ਉੱਤੇ ਕੇਂਦ੍ਰਿਤ ਹਨ। ਅੱਠਵੀਂ ਕਿਤਾਬ ‘ਸਪਾਈ ਸਟੋਰੀਜ਼’ (ਜਗਰਨੌਟ; 340 ਪੰਨੇ; 699 ਰੁਪਏ) ਵੀ ਪਿਛਲੀਆਂ ਕਿਤਾਬਾਂ ਵਾਲੀ ਤਰਜ਼ ਦੀ ਹੀ ਹੈ। ਇਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਆਈ.ਐੱਸ.ਆਈ.’ ਤੇ ਭਾਰਤੀ ਏਜੰਸੀ ‘ਰਿਸਰਚ ਐਂਡ ਐਨੇਲਾਈਸਿਜ਼ ਵਿੰਗ’ (ਰਾਅ) ਦਰਮਿਆਨ ਪਿਛਲੇ ਦੋ ਦਹਾਕਿਆਂ ਦੀ ਰੱਸਾਕਸ਼ੀ ਦੀ ਕਥਾ-ਕਹਾਣੀ ਪੇਸ਼ ਕਰਦੀ ਹੈ। ਕਿਉਂਕਿ ਲੇਖਕਾਂ ਨੂੰ ਦੋਵਾਂ ਏਜੰਸੀਆਂ ਦੇ ਮੁਰਸ਼ਿਦਾਂ ਤੇ ਧਰਮ-ਗੁਰੂਆਂ, ਖ਼ਾਸ ਕਰਕੇ ਭਾਰਤੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਸਹਿਯੋਗ ਹਾਸਲ ਸੀ, ਇਸ ਲਈ ਕਿਤਾਬ ਅੰਦਰਲੀਆਂ ‘ਜਾਸੂਸੀ ਕਹਾਣੀਆਂ’ ਹਨ ਵੀ ਪ੍ਰਮਾਣਿਕ।
ਕਿਤਾਬ ਬੁਨਿਆਦੀ ਤੌਰ ’ਤੇ ਵੱਖ ਵੱਖ ਦਹਿਸ਼ਤੀ ਹਮਲਿਆਂ ਨਾਲ ਜੁੜੇ ਘਟਨਾ-ਚੱਕਰਾਂ ’ਤੇ ਕੇਂਦ੍ਰਿਤ ਹੈ। ਭਾਰਤੀ ਪਾਰਲੀਮੈਂਟ ਉਪਰ ਹਮਲੇ ਦੀ ਸਾਜ਼ਿਸ਼ ਕਿਵੇਂ ਉਲੀਕੀ ਤੇ ਸਿਰੇ ਚਾੜ੍ਹੀ ਗਈ ਅਤੇ ਇਸ ਤੋਂ ਬਾਅਦ ਦੋਵਾਂ ਏਜੰਸੀਆਂ ਦੇ ਮੋਹਤਬਰਾਂ ਦਰਮਿਆਨ ਕਿਸ ਕਿਸਮ ਦੀ ਵਾਰਤਾਲਾਪ ਤੇ ਲੈਣ-ਦੇਣ ਚੱਲੀ; ਮੁੰਬਈ ਉਪਰ ਹਮਲਾ ਕਿਵੇਂ ਵਿਉਂਤਿਆ ਤੇ ਤਰਤੀਬ ਦਿੱਤਾ ਗਿਆ; ਪੁਲਵਾਮਾ ਕਾਂਡ ਕਿਉਂ ਤੇ ਕਿਵੇਂ ਵਾਪਰਿਆ; ਕੁਲਭੂਸ਼ਨ ਜਾਧਵ ਦੀ ਗ੍ਰਿਫ਼ਤਾਰੀ ਕਿੱਥੇ ਤੇ ਕਿਵੇਂ ਹੋਈ; ਅਜਿਹੇ ਕਾਂਡਾਂ ਦਾ ‘ਰਾਅ’ ਵੱਲੋਂ ਜਵਾਬ ਕਿੱਥੇ ਕਿੱਥੇ ਤੇ ਕਿਵੇਂ ਦਿੱਤਾ ਗਿਆ: ਇਹ ਸਾਰਾ ਕੁਝ ਪੜ੍ਹਨਾ ਗਿਆਨ ਤਾਂ ਵਧਾਉਂਦਾ ਹੀ ਹੈ, ਘਟਨਾਵਾਂ ਦੇ ਪਰਿਪੇਖ ਨੂੰ ਸਮਝਣ ਵਿਚ ਵੀ ਸਹਾਈ ਹੁੰਦਾ ਹੈ। ਸੀਆਈਏ ਨੇ ਆਪਣੇ ਹਿੱਤਾਂ ਲਈ ਦੋਵਾਂ ਏਜੰਸੀਆਂ ਦੀ ਕਿੱਥੇ-ਕਿੱਥੇ ਤੇ ਕਿਵੇਂ ਵਰਤੋਂ-ਕੁਵਰਤੋਂ ਕੀਤੀ, ਇਹ ਕਹਾਣੀ ਵੀ ਘੱਟ ਰੌਚਕ ਨਹੀਂ। ਆਈ.ਐੱਸ.ਆਈ. 1948 ਵਿਚ ਕਾਇਮ ਹੋ ਗਈ ਸੀ, ਰਾਅ ਢਾਈ ਕੁ ਦਹਾਕੇ ਬਾਅਦ ਉਗਮੀ। ਪਰ ਅੰਦਰੂਨੀ ਭ੍ਰਿਸ਼ਟਾਚਾਰ ਤੇ ਖਿੱਚੋਤਾਣ ਨਾਲ ਦੋਵਾਂ ਏਜੰਸੀਆਂ ਨੂੰ ਤਕਰੀਬਨ ਇਕੋ ਜਿੰਨਾ ਜੂਝਣਾ ਪੈ ਰਿਹਾ ਹੈ। ਇਸ ਵਿਸ਼ੇ ਬਾਰੇ ਇਕ ਲੰਮਾ ਅਧਿਆਇ ਇਸ ਕਿਤਾਬ ਦਾ ਹਿੱਸਾ ਹੈ। ਸ਼ੁਰੂ ਤੋਂ ਅਖ਼ੀਰ ਤੱਕ ਪੜ੍ਹਨਯੋਗ ਹੈ ਇਹ ਕਿਤਾਬ।
* * *
ਅਠ੍ਹਾਰਵੀਂ ਤੇ ਉਨੀਵੀਂ ਸਦੀ ਦੀਆਂ ਪੰਜਾਬੀ ਕਵਿੱਤਰੀਆਂ ਬਾਰੇ ਸਾਡੀ ਜਾਣਕਾਰੀ ਬੜੀ ਸੀਮਤ ਹੈ। ਸਾਹਿਬ ਦੇਵੀ ਅਰੋੜੀ, ਦਯਾ ਬਾਈ, ਸਹਜੋ ਬਾਈ, ਫ਼ਾਫ਼ਲ ਖ਼ਾਤੂਨ, ਆਇਸ਼ਾ ਬੀਬੀ, ਭਗਵਾਨ ਦੇਈ ਉਰਫ਼ ਭਗਵਾਨ ਕੌਰ ਸਮੇਤ ਦਰਜਨ ਦੇ ਕਰੀਬ ਕਵਿੱਤਰੀਆਂ ਨੇ ਆਪੋ ਆਪਣੇ ਸਮੇਂ ਦੀ ਜ਼ਿੰਦਗੀ ਦੇ ਹਰ ਰੰਗ, ਹਰ ਰੂਪ ਨੂੰ ਆਪੋ-ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ। ਜੇਕਰ ਉਨ੍ਹਾਂ ਦੇ ਕਾਵਿ ਨੂੰ ਉਨ੍ਹਾਂ ਸਦੀਆਂ ਦੇ ਪੁਰਖ ਕਵੀਆਂ ਜਿੰਨੀ ਮਾਨਤਾ ਜਾਂ ਪ੍ਰਸਿੱਧੀ ਨਹੀਂ ਮਿਲੀ ਤਾਂ ਦੋਸ਼ ਇਨ੍ਹਾਂ ਕਵਿੱਤਰੀਆਂ ਦਾ ਨਹੀਂ। ਦੋਸ਼ ਪੁਰਖ-ਪ੍ਰਧਾਨੀ ਪਰੰਪਰਾਵਾਂ, ਮਰਦਾਵੀਂ ਹਓਮੈ ਅਤੇ ਸਮਾਜਿਕ-ਧਾਰਮਿਕ ਤਰਜ਼-ਇ-ਜ਼ਿੰਦਗੀ ਦਾ ਸੀ। ਇਨ੍ਹਾਂ ਦੋ ਸਦੀਆਂ ਤੋਂ ਬਾਅਦ ਆਏ ਦਾਨਿਸ਼ਵਰ ਵੀ ਕਸੂਰਵਾਰ ਸਨ ਜਿਨ੍ਹਾਂ ਨੇ ਇਨ੍ਹਾਂ ਬੀਬੀਆਂ ਦੀ ਬੌਧਿਕਤਾ ਦੀ ਵੁੱਕਤ ਆਂਕਣੀ ਵੀ ਵਾਜਬ ਨਹੀਂ ਸਮਝੀ। ਉਸੇ ਯੁੱਗ ਦੀ ਕਵਿੱਤਰੀ ਪੀਰੋ ਪ੍ਰੇਮਣ ਬਾਰੇ ਜੇਕਰ ਵੱਧ ਲੋਕ ਜਾਣਦੇ ਹਨ ਤਾਂ ਇਸ ਵਿਚ ਜ਼ਿਆਦਾ ਯੋਗਦਾਨ ਉਸ ਦੇ ਰਚਨਾ-ਸੰਸਾਰ ਦੀ ਵਿਸ਼ਾਲਤਾ ਦਾ ਵੀ ਹੈ ਅਤੇ ਰਚਨਾਵਾਂ ਅੰਦਰਲੀ ਵਿਦਰੋਹੀ ਸੁਰ ਤੇ ਦਬੰਗੀ ਦਾ ਵੀ। ਸਹੀ ਮਾਅਨਿਆਂ ਵਿਚ ਜੁਝਾਰੂ ਸੀ ਇਹ ਕਵਿੱਤਰੀ। ਧਾਰਮਿਕ, ਸਮਾਜਿਕ ਤੇ ਨੈਤਿਕ ਮਾਨਤਾਵਾਂ ਤੇ ਮਿਆਰਾਂ ਅੰਦਰਲੀ ਅਸਮਾਨਤਾ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ; ਮਰਦ-ਸੱਤਾ ਨੂੰ ਸਿੱਧੀ ਚੁਣੌਤੀ ਦੇਣ ਵਾਲੀ। ਉਸ ਦੇ ਰਚਨਾ ਸੰਸਾਰ ਦੀ ਸੂਰਤ ਤੇ ਸੀਰਤ ਦੀ ਸਹੀ ਤਸਵੀਰ ਪੇਸ਼ ਕਰਦੀ ਹੈ ਡਾ. ਸੁਖਦੇਵ ਸਿੰਘ (ਸਿਰਸਾ) ਵੱਲੋਂ ਸੰਪਾਦਿਤ ਕਿਤਾਬ ‘ਸੁਰ ਪੀਰੋ’ (ਸਿੰਘ ਬ੍ਰਦਰਜ਼; 205 ਪੰਨੇ; 400 ਰੁਪਏ)। ਕਿਤਾਬ ਅੰਦਰਲੇ ਦੋ ਨਬਿੰਧ ‘ਧਰਮ ਤੇ ਮਰਦ ਸੱਤਾ ਬਨਾਮ ਪੀਰੋ ਦਾ ਪ੍ਰੇਮ ਝਰੋਖਾ’ (ਡਾ. ਸੁਖਦੇਵ ਸਿੰਘ) ਅਤੇ ‘ਪੀਰੋ: ਜੀਵਨ, ਰਚਨਾ ਤੇ ਚਿੰਤਨ’ (ਡਾ. ਲਖਵੀਰ ਸਿੰਘ) 1872 ਵਿਚ ਵਫ਼ਾਤ ਪਾਉਣ ਵਾਲੀ ਇਸ ਸ਼ੀਹਣੀ ਦੇ ਜੀਵਨ ਫਲਸਫੇ਼, ਸੋਚ-ਸੁਹਜ ਅਤੇ ਗੁਲਾਬਦਾਸੀ ਸੰਪਰਦਾ ਦੇ ਮੁਖੀ, ਗੁਰੂ ਗੁਲਾਬ ਦਾਸ ਨਾਲ ਉਸ ਦੇ ਸਬੰਧਾਂ ਬਾਰੇ ਨਿੱਗਰ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਤੋਂ ਅੱਗੇ ਆਉਂਦਾ ਹੈ ਪੀਰੋ ਦਾ ਰਚਨਾ ਜਗਤ। ਇਸ ਵਿਚ ਕਾਫ਼ੀਆਂ, ਸੀਹਰਫ਼ੀਆਂ, ਬਾਰਾਂਮਾਹ, ਗੁਲਾਬਦਾਸ ਨਾਲ ਸਾਂਝੀ ਸੀਹਰਫ਼ੀ, ਦੋਹਰੇ ਤੇ ਹੋਰ ਬਾਣੀਆਂ, ਪੈਂਤੀ ਅੱਖਰੀ ਆਦਿ ਸ਼ਾਮਲ ਹਨ।
ਪੀਰੋ-ਕਾਵਿ ਦੀ ਅਰਥਾਵਲੀ ਅਖ਼ੀਰ ਵਿਚ ਮੌਜੂਦ ਹੈ ਜੋ ਇਸ ਕਾਵਿ ਦੀ ਅਹਿਮੀਅਤ ਸਮਝਣ ਵਿਚ ਮਦਦਗਾਰ ਸਾਬਤ ਹੁੰਦੀ ਹੈ। ਮੈਨੂੰ ਅਫ਼ਸੋਸ ਹੈ ਕਿ 2018 ਵਿਚ ਛਪੀ ਇਹ ਕਿਤਾਬ ਮੈਂ ਹੁਣ ਪੜ੍ਹੀ। ਗਿਆਨ ਦਾ ਖ਼ਜ਼ਾਨਾ ਹੈ ਇਹ।
* * *
ਮਿਸਾਲੀ ਹੈ ਮੁਲਕ ਵਿਚ ਚੱਲ ਰਿਹਾ ਕਿਸਾਨ ਅੰਦੋਲਨ। ਪੁਰਜੋਸ਼, ਪਰ ਪੁਰਅਮਨ। ਇਨ੍ਹਾਂ ਦੋ ਤੱਤਾਂ ਨੇ ਦੁਨੀਆਂ ਭਰ ਦੇ ਮੀਡੀਆ ਦਾ ਧਿਆਨ ਇਸ ਵੱਲ ਖਿੱਚਿਆ ਹੋਇਆ ਹੈ। ਇਸੇ ਪ੍ਰਸੰਗ ਵਿਚ ਦਰਜਨਾਂ ਪ੍ਰਕਾਸ਼ਨਾਵਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ। ‘ਦਰਦ ਕਿਸਾਨੀ ਦਾ’ (ਸਪਤਰਿਸ਼ੀ ਪਬਲੀਕੇਸ਼ਨ; 124 ਪੰਨੇ; 150 ਰੁਪਏ) ਇਨ੍ਹਾਂ ਵਿਚੋਂ ਪ੍ਰਮੁੱਖ ਹੈ। ਇਹ ਕਿਤਾਬ ਬਹੁਪ੍ਰਤਿਭਾਈ ਸ਼ਖ਼ਸੀਅਤ ਡਾ. ਮੇਘਾ ਸਿੰਘ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਪ੍ਰਕਾਸ਼ਿਤ ਨਬਿੰਧਾਂ, ਸੰਪਾਦਕੀਆਂ ਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਉਹ ਕਈ ਵਰ੍ਹੇ ਇਸ ਅਖ਼ਬਾਰ ਵਿਚ ਉੱਚ ਅਹੁਦੇ ’ਤੇ ਰਹੇ। ਸੰਗ੍ਰਹਿ ਦਾ ਸੰਪਾਦਨ ਇਸੇ ਅਖ਼ਬਾਰ ਦੇ ਸੰਪਾਦਕੀ ਅਮਲੇ ਦੇ ਮੈਂਬਰ ਬਲਵੰਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ।
ਸਮਾਜਿਕ-ਆਰਥਿਕ ਖੇਤਰਾਂ ਵਿਚ ਸਮਾਨਤਾ ਦੇ ਸਦਾ ਮੁਦਈ ਰਹੇ ਹਨ ਡਾ. ਮੇਘਾ ਸਿੰਘ। ਦੀਨਾਂ-ਦੁਖਿਆਰਿਆਂ ਤੇ ਸੋਸ਼ਣ ਦੇ ਸ਼ਿਕਾਰਾਂ ਦੇ ਹੱਕ ਵਿਚ ਕਲਮ ਨੂੰ ਕਾਰਗਰ ਹਥਿਆਰ ਵਜੋਂ ਵਰਤਣਾ ਉਨ੍ਹਾਂ ਦੀ ਲੇਖਣ ਕਲਾ ਦੀ ਖ਼ੂਬੀ ਹੈ। ਇਹ ਸੰਗ੍ਰਹਿ ਇਸੇ ਖ਼ੂਬੀ ਤੇ ਸੁਹਜ ਦਾ ਪ੍ਰਮਾਣ ਹੈ। ਰਚਨਾਵਾਂ ਨੂੰ ਉਨ੍ਹਾਂ ਦੀ ਸੁਰ ਮੁਤਾਬਿਕ ਦੋ ਅੰਤਿਕਾਵਾਂ ਸਮੇਤ ਅੱਠ ਅਨੁਭਾਗਾਂ ਵਿਚ ਤਰਤੀਬਿਆ ਗਿਆ ਹੈ। ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕਰਨ ਤੇ ਫ਼ਸਲਾਂ ਦੇ ਸਮਰਥਨ ਮੁੱਲ ਤੋਂ ਲੈ ਕੇ ਤਿੰਨ ਕਾਲੇ ਕਾਨੂੰਨਾਂ ਦੀ ਆਮਦ ਤਕ ਸਾਰੇ ਕਿਸਾਨੀ ਮੁੱਦੇ ਇਨ੍ਹਾਂ ਅਨੁਭਾਗਾਂ ਦੇ ਦਾਇਰੇ ਵਿਚ ਲਿਆਂਦੇ ਗਏ ਹਨ। ਹਰ ਰਚਨਾ ਜਿੱਥੇ ਦਾਨਿਸ਼ਵਾਰਾਨਾ ਪਹੁੰਚ ਵਾਲੀ ਹੈ, ਉੱਥੇ ਬੇਲੋੜੇ ਉਲਾਰਵਾਦ ਤੋਂ ਵੀ ਮੁਕਤ ਹੈ। ਕਿਸਾਨੀ ਜੱਦੋਜਹਿਦ ਨੂੰ ਸਹੀ ਪਰਿਪੇਖ ਵਿਚ ਪੇਸ਼ ਕਰਨ ਦਾ ਉਪਰਾਲਾ ਹੈ ਇਹ ਕਿਤਾਬ।